ਲੁਧਿਆਣਾ: ਖੇਤੀ ਕਾਨੂੰਨਾਂ ਖਿਲਾਫ ਪੂਰੇ ਦੇਸ਼ 'ਚ ਇੱਕ ਜਨ ਅੰਦੋਲਨ ਖੜ੍ਹਾ ਹੋ ਗਿਆ ਹੈ। ਇਸ ਦੌਰਾਨ ਲੁਧਿਆਣਾ ਦੇ ਪੀਏਯੂ ਯੂਨੀਵਰਸਿਟੀ 'ਚ ਖੋਜਕਰਤਾ ਗੋਲਡ ਮੈਡਲਿਸਟ ਡਾ. ਵਰਿੰਦਰਪਾਲ ਨੇ ਕਿਸਾਨਾਂ ਦੇ ਵਿਰੋਧ 'ਚ ਇੱਕ ਲੱਖ ਰੁਪਏ ਦਾ ਸਨਮਾਨ ਲੈਣ ਤੋਂ ਇਨਕਾਰ ਕਰ ਦਿੱਤਾ। ਵਰਿੰਦਰਪਾਲ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਦਾ ਜ਼ਮੀਰ ਉਨ੍ਹਾਂ ਨੂੰ ਇਜਾਜ਼ਤ ਨਹੀਂ ਦਿੰਦੀ ਕਿ ਉਹ ਇਸ ਸਨਮਾਨ ਨੂੰ ਪ੍ਰਾਪਤ ਕਰਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਕਿਸਾਨਾਂ ਲਈ ਨਵੀਆਂ ਨਵੀਆਂ ਖੋਜਾਂ ਕਰਦੇ ਹਨ, ਉਹ ਹੀ ਦੁਖੀ ਹਨ ਤਾਂ ਉਹ ਇਨ੍ਹਾਂ ਸਨਮਾਨਾਂ ਦਾ ਕੀ ਕਰਨਗੇ।

ਉਨ੍ਹਾਂ ਦਾ ਕਹਿਣਾ ਸੀ ਕਿ ਜਿਸ ਸਮੇਂ ਉਹ ਗੁਰਦੁਆਰਾ ਸਾਹਿਬ ਗਏ ਤਾਂ ਉਨ੍ਹਾਂ ਦੀ ਰੂਹ 'ਚ ਆਵਾਜ਼ ਆਈ ਜਿਸ ਤੋਂ ਬਾਅਦ ਉਨ੍ਹਾਂ ਨੇ ਇਹ ਫ਼ੈਸਲਾ ਲਿਆ ਕੀ ਉਹ ਇਹ ਐਵਾਰਡ ਨਹੀਂ ਲੈਣਗੇ। ਇਸ ਤੋਂ ਬਾਅਦ ਸਵੇਰੇ ਜਾਣ ਵਕਤ ਉਨ੍ਹਾਂ ਦੀ ਮਾਂ ਨੇ ਵੀ ਕਿਹਾ ਕਿ ਇਸ ਸਮੇਂ ਕਿਸਾਨ ਦੁਖੀ ਹੈ ਤੇ ਲੋਕ ਕਿਸਾਨਾਂ ਦੇ ਹੱਕ 'ਚ ਆਪਣੇ ਸਨਮਾਨ ਵਾਪਸ ਕਰ ਰਹੇ ਹਨ ਅਜਿਹੇ ਵਕਤ ਵਿੱਚ ਸਨਮਾਨ ਲੈਣਾ ਉਚਿਤ ਨਹੀਂ।


ਡਾਕਟਰ ਵਰਿੰਦਰ ਪਾਲ ਨੇ ਕਿਹਾ ਕਿ ਪੂਰੀ ਦੁਨੀਆ ਵਿੱਚੋਂ ਉਨ੍ਹਾਂ ਨੂੰ ਅਲੱਗ ਅਲੱਗ ਥਾਵਾਂ ਤੋਂ ਫੋਨ ਆ ਰਹੇ ਹਨ ਤੇ ਲੋਕ ਉਨ੍ਹਾਂ ਦੇ ਇਸ ਕੰਮ ਦੀ ਸ਼ਲਾਘਾ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਐਵਾਰਡ ਵੰਡ ਸਮਾਰੋਹ ਇਕ ਅਜਿਹਾ ਪ੍ਰੋਗਰਾਮ ਹੁੰਦਾ ਹੈ ਜਿੱਥੇ ਦੁਨੀਆਂ ਭਰ ਦੇ ਵਿਗਿਆਨਿਕ ਆਉਂਦੇ ਹਨ ਤੇ ਇੱਥੇ ਕਿਸਾਨਾਂ ਦੀ ਆਵਾਜ਼ ਨੂੰ ਉੱਠਾ ਕੇ ਉਹਨਾਂ ਨੂੰ ਮਾਣ ਪ੍ਰਾਪਤ ਹੋਇਆ ਹੈ। ਪੂਰੀ ਦੁਨੀਆਂ ਵਿੱਚ ਉਨ੍ਹਾਂ ਨੂੰ ਵਧਾਈ ਦੇ ਫੋਨ ਆ ਰਹੇ ਹਨ ਪਰ ਉਹ ਚਾਹੁੰਦੇ ਹਨ ਕਿ ਕਿਸਾਨ ਵਿਰੋਧੀ ਕਾਨੂੰਨ ਵਾਪਸ ਹੋਣ।