ਚੰਡੀਗੜ੍ਹ: ਨੋਟਬੰਦੀ ਦਾ ਅਸਰ ਚੰਡੀਗੜ੍ਹ ਵਿੱਚ ਚੱਲ ਰਹੇ ਐਗਰੋਟੈੱਕ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਐਗਰੋਟੈੱਕ ਵਿੱਚ ਹਿੱਸਾ ਲੈਣ ਲਈ ਪਹੁੰਚੇ ਵੱਖ-ਵੱਖ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਨੋਟਬੰਦੀ ਕਾਰਨ ਉਨ੍ਹਾਂ ਦੇ ਸਾਮਾਨ ਦੀ ਵਿਕਰੀ ਬਹੁਤ ਘੱਟ ਹੋ ਰਹੀ ਹੈ।

ਫ਼ਤਿਹਗੜ੍ਹ ਤੋਂ ਐਗਰੋਟੈੱਕ ਵਿੱਚ ਵੱਖ-ਵੱਖ ਉਤਪਾਦਾਂ ਦੇ ਸਟਾਲ ਲਾਉਣ ਵਾਲੇ ਕਿਸਾਨ ਨਿਰਮਲ ਸਿੰਘ ਨੇ ਦੱਸਿਆ ਉਨ੍ਹਾਂ ਨੂੰ ਬੜੀ ਮੁਸ਼ਕਲ ਨਾਲ ਮੇਲੇ ਵਿੱਚ ਸਟਾਲ ਲਾਉਣ ਦੀ ਥਾਂ ਮਿਲੀ ਹੈ। ਸਟਾਲ ਦੀ ਥਾਂ ਮਿਲਣ ਤੋਂ ਬਾਅਦ ਉਸ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਪਰ ਨੋਟਬੰਦੀ ਨੇ ਉਸ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ ਕਿਉਂਕਿ ਕੋਈ ਵੀ ਗਾਹਕ ਉਤਪਾਦਾਂ ਦੀ ਖ਼ਰੀਦਦਾਰੀ ਕਰਨ ਲਈ ਨਹੀਂ ਪਹੁੰਚ ਰਿਹਾ।

ਮੇਲੇ ਵਿੱਚ ਜ਼ਿਆਦਾਤਰ ਦੁਕਾਨਦਾਰਾਂ ਦਾ ਹਾਲ ਇਹੀ ਹੈ। ਇੱਥੇ ਹੀ ਬੱਸ ਨਹੀਂ ਐਤਵਾਰ ਨੂੰ ਛੁੱਟੀ ਵਾਲੇ ਦਿਨ ਭਾਰਤ ਦੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਤੇ ਇਸਰਾਈਲ ਦੇ ਰਾਸ਼ਟਰਪਤੀ ਰੁਵੇਨ ਰਿਵਲਿਨ ਐਗਰੋ ਟੈੱਕ ਮੇਲੇ ਵਿੱਚ ਸ਼ਾਮਲ ਹੋਣ ਕਾਰਨ ਸੁਰੱਖਿਆ ਬਹੁਤ ਜ਼ਿਆਦਾ ਹੋਣ ਕਾਰਨ ਵੀ ਲੋਕਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨ ਪਿਆ।

ਚਾਰ ਰੋਜ਼ਾ ਕੌਮਾਂਤਰੀ ਆਈਸੀਸੀ ਐਗਰੋਟੈੱਕ ਮੇਲੇ ਸ਼ਨਿਚਰਵਾਰ ਨੂੰ ਸੈਕਟਰ 17 ਦੇ ਪਰੇਡ ਗਰਾਊਡ ਵਿੱਚ ਸ਼ੁਰੂ ਹੋਇਆ। ਇਸ ਮੇਲੇ ਦਾ ਮਕਸਦ ਕਿਸਾਨਾਂ ਨੂੰ ਨਵੀਂ ਤਕਨੀਕ ਨਾਲ ਜਾਣੂ ਕਰਾਉਣਾ ਤੇ ਉਨ੍ਹਾਂ ਦੇ ਉਤਪਾਦਾਂ ਦੀ ਵਿਕਰੀ ਕਰਾਉਣ ਲਈ ਮੰਡੀ ਮੁਹੱਈਆ ਕਰਵਾਉਣਾ ਹੈ। ਮੇਲੇ ਦੌਰਾਨ 139 ਪ੍ਰਦਰਸ਼ਨੀ ਲੱਗੀਆਂ ਹਨ ਇਹਨਾਂ ਵਿੱਚੋਂ 92 ਘਰੇਲੂ ਤੇ 47 ਕੌਮਾਂਤਰੀ ਹਨ।