ਬਰਨਾਲਾ: ਹਵਾਈ ਫੌਜ ਵਿੱਚ ਮੈਡੀਕਲ ਅਫ਼ਸਰ ਵਜੋਂ ਤਾਇਨਾਤ ਮਹਿਲਾ ਡਾਕਟਰ ਨੇ ਅੱਜ ਚਾਰ ਮੰਜ਼ਿਲਾ ਇਮਾਰਤ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਚਾਰੂ ਸਥਾਨਕ ਸਰਕਾਰੀ ਹਸਪਤਾਲ ਵਿੱਚ ਤਾਇਨਾਤ ਡਾਕਟਰ ਨਵਦੀਪ ਸਿੰਘ ਦੀ ਪਤਨੀ ਸੀ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕਾ ਨੇ ਬੀਤੀ ਰਾਤ ਵੀ ਸਰਕਾਰੀ ਹਸਪਤਾਲ ਵਿੱਚ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ ਸੀ ਪਰ ਕਿਸੇ ਤਰ੍ਹਾਂ ਲੋਕਾਂ ਨੇ ਉਨ੍ਹਾਂ ਨੂੰ ਸਮਝਾ ਕੇ ਰੋਕ ਲਿਆ ਸੀ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਇਮਾਰਤ ਵਿੱਚ ਸਥਿਤ ਬੈਂਕ ਦੇ ਸਕਿਉਰਟੀ ਗਾਰਡ ਚਮਕੌਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕੁਝ ਲੋਕਾਂ ਨੇ ਚੌਥੀ ਮੰਜ਼ਲ ’ਤੇ ਮਹਿਲਾ ਦੇ ਬੈਠਣ ਬਾਰੇ ਜਾਣਕਾਰੀ ਦਿੱਤੀ ਸੀ ਜਿਸ ਪਿੱਛੋਂ ਗਾਰਡ ਨੇ ਇਮਾਰਤ ਵਿੱਚ ਮੌਜੂਦ ਜਿੰਮ ਦੇ ਮੁਲਾਜ਼ਮ ਨੂੰ ਦੱਸਿਆ ਤੇ ਉਨ੍ਹਾਂ ਚਾਰੂ ਨੂੰ ਹੇਠਾਂ ਆਉਣ ਲਈ ਕਿਹਾ।
ਇਸ ਪਿੱਛੋਂ ਬੈਂਕ ਮੈਨੇਜਰ ਅਤੇ ਪੁਲਿਸ ਨੂੰ ਵੀ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਪਰ ਉਦੋਂ ਤਕ ਮਹਿਲਾ ਨੇ ਛਾਲ ਮਾਰ ਦਿੱਤੀ ਜਿਸ ਦੇ ਬਾਅਦ ਮੌਕੇ ’ਤੇ ਹੀ ਮਹਿਲਾ ਦੀ ਮੌਤ ਹੋ ਗਈ। ਇਸ ਸਬੰਧੀ ਜਾਂਚ ਅਧਿਕਾਰੀ ਅਮਨਦੀਪ ਕੌਰ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਜਾਂਚ ਕੀਤੀ ਜਾ ਰਹੀ ਹੈ ਤੇ ਖ਼ੁਦਕੁਸ਼ੀ ਦੇ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ।