ਚੰਡੀਗੜ੍ਹ: ਸਾਬਕਾ ਕੈਬਨਿਟ ਮੰਤਰੀ ਤੇ ਅਕਾਲੀ ਲੀਡੀਅਰ ਬਿਕਰਮ ਮਜੀਠੀਆ ਨੇ ਪੁਲਵਾਮਾ ਅੱਤਵਾਦੀ ਹਮਲੇ ਮਗਰੋਂ ਆਪਣੇ ਰਿਵਾਇਤੀ ਵਿਰੋਧੀ ਨਵਜੋਤ ਸਿੱਧੂ ਖ਼ਿਲਾਫ਼ ਵੱਡਾ ਹਮਲਾ ਬੋਲਿਆ ਹੈ। ਮਜੀਠੀਆ ਨੇ ਕਾਂਗਰਸ ਨੂੰ ਅਪੀਲ ਕੀਤੀ ਹੈ ਕਿ ਸਿੱਧੂ ਪਾਰਟੀ ਵਿੱਚੋਂ ਵੀ ਬਾਹਰ ਦਾ ਰਸਤਾ ਦਿਖਾਇਆ ਜਾਵੇ। ਮਜੀਠੀਆ ਨੇ ਪੁਲਵਾਮਾ ਹਮਲੇ 'ਤੇ ਸਖ਼ਤ ਸਟੈਂਡ ਰੱਖਣ ਬਦਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੀ ਸ਼ਲਾਘਾ ਵੀ ਕੀਤੀ।

ਮਜੀਠੀਆ ਨੇ ਪ੍ਰੈਸ ਵਾਰਤਾ ਦੌਰਾਨ ਕਿਹਾ ਕਿ ਸਿੱਧੂ ਨੇ ਪੁਲਵਾਮਾ ਵਿੱਚ ਪਾਕਿਸਾਤਨੀ ਦਹਿਸ਼ਤੀ ਜਥੇਬੰਦੀ ਜੈਸ਼-ਏ-ਮੁਹੰਮਦ ਵੱਲੋਂ ਕੀਤੇ ਹਮਲੇ ਨੂੰ ਜਾਇਜ਼ ਕਰਾਰ ਦੇਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਰਾਹੁਲ ਗਾਂਧੀ ਤੋਂ ਮੰਗ ਕਰਦੇ ਹਨ ਕਿ ਨਵਜੋਤ ਸਿੱਧੂ ਜਿਹੇ ਲੀਡਰ ਨੂੰ ਪਾਰਟੀ ਤੋਂ ਤੁਰੰਤ ਬਾਹਰ ਕੀਤਾ ਜਾਵੇ। ਮਜੀਠੀਆ ਨੇ ਇਸ ਮੌਕੇ ਹਾਸਰਸ ਕਲਾਕਾਰ ਕਪਿਲ ਸ਼ਰਮਾ ਦੇ ਸ਼ੋਅ ਵਿੱਚੋਂ ਸਿੱਧੂ ਨੂੰ ਬਾਹਰ ਕੀਤੇ ਜਾਣ 'ਤੇ ਟੈਲੀਵਿਜ਼ਨ ਚੈਨਲ ਦੀ ਤਾਰੀਫ ਕੀਤੀ ਤੇ ਕਾਂਗਰਸ ਨੂੰ ਵੀ ਅਜਿਹੇ ਕਦਮ ਚੁੱਕਣ ਦੀ ਨਸੀਹਤ ਦਿੱਤੀ।

ਅਕਾਲੀ ਲੀਡਰ ਨੇ ਕਿਹਾ ਕਿ ਕਈ ਕਾਂਗਰਸੀ ਨੇਤਾ ਵੀ ਇਹ ਬਿਆਨ ਦੇ ਚੁੱਕੇ ਹਨ ਕਿ ਜੈਸ਼-ਏ-ਮੁਹੰਮਦ ਨੇ ਪਾਕਿਸਤਾਨ ਵਿੱਚ ਇਮਰਾਨ ਖ਼ਾਨ ਦੀ ਸਰਕਾਰ ਬਣਾਉਣ ਵਿੱਚ ਮਦਦ ਕੀਤੀ ਹੈ ਤੇ ਸਿੱਧੂ ਉਸੇ ਵਿਰੁੱਧ ਹਮਦਰਦੀ ਰੱਖਦੇ ਹਨ। ਇਸ ਲਈ ਕਾਂਗਰਸ ਨੂੰ ਅਜਿਹੇ ਜੋਕਰ ਨੂੰ ਪਾਰਟੀ ਵਿੱਚੋਂ ਬਾਹਰ ਦਾ ਰਸਤਾ ਦਿਖਾਉਣਾ ਚਾਹੀਦਾ ਹੈ।