ਮੋਗਾ: ਜ਼ਿਲ੍ਹੇ ਦੇ ਪਿੰਡ ਗਲੋਟੀ ਦੇ ਸੀਆਰਪੀਐਫ ਜਵਾਨ ਜੈਮਲ ਸਿੰਘ ਨੂੰ ਨਮ ਅੱਖਾਂ ਤੇ ਸਰਕਾਰੀ ਸਨਮਾਨਾਂ ਨਾਲ ਅੰਤਮ ਵਿਦਾਈ ਦੇ ਦਿੱਤੀ ਹੈ। ਵਿਆਹ ਤੋਂ ਲੰਮੇ ਅਰਸੇ ਬਾਅਦ ਸੁੱਖਾਂ ਸੁੱਖ-ਸੁੱਖ ਜਨਮੇ ਜੈਮਲ ਦੇ ਪੰਜ ਸਾਲਾਂ ਦੇ ਪੁੱਤਰ ਨੇ ਆਪਣੇ ਸ਼ਹੀਦ ਪਿਤਾ ਦੀ ਚਿਖ਼ਾ ਨੂੰ ਅਗਲੀ ਦਿਖਾਈ। ਜੈਮਲ ਦਾ ਜਨਮ 26 ਅਪ੍ਰੈਲ 1974 ਨੂੰ ਮੋਗਾ ਜਿਲ੍ਹੇ ਦੇ ਪਿੰਡ ਗਲੋਟੀ ਵਿਖੇ ਪਿਤਾ ਜਸਵੰਤ ਸਿੰਘ ਦੇ ਘਰ ਹੋਇਆ ਸੀ। ਜੈਮਲ ਸਿੰਘ 23 ਅਪ੍ਰੈਲ 1993 ਨੂੰ CRPF ਵਿੱਚ ਭਰਤੀ ਹੋਏ ਸਨ।
ਜੈਮਲ ਸਿੰਘ ਵੀਰਵਾਰ ਨੂੰ ਸੀਆਰਪੀਐਫ ਦੇ ਜਵਾਨਾਂ ਦੀ ਬੱਸ ਚਲਾ ਰਿਹਾ ਸੀ ਤਾਂ ਪੁਲਵਾਮਾ ਨੇੜੇ ਵਾਪਰੇ ਫਿਦਾਈਨ ਹਮਲੇ ਵਿੱਚ ਉਨ੍ਹਾਂ ਦੀ ਵੀ ਜਾਨ ਚਲੀ ਗਈ ਸੀ। ਇਸ ਹਮਲੇ ਦੌਰਾਨ 40 ਜਵਾਨ ਸ਼ਹੀਦ ਹੋਏ ਸਨ। ਸ਼ਨੀਵਾਰ ਨੂੰ ਸ਼ਹੀਦ ਜੈਮਲ ਸਿੰਘ ਦੇ ਜੱਦੀ ਪਿੰਡ ਗਲੋਟੀ ਵਿੱਚ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਇਸ ਮੌਕੇ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਬਾਦਲ, ਹਰਸਿਮਰਤ ਕੌਰ ਬਾਦਲ, ਭਗਵੰਤ ਮਾਨ, ਸਥਾਨਕ ਵਿਧਾਇਕ, ਡੀ.ਸੀ. ਮੋਗਾ ਤੇ ਵੱਖ-ਵੱਖ ਸਿਆਸੀ ਆਗੂਆਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਸਕੂਲੀ ਬੱਚਿਆਂ ਨੇ ਸ਼ਹੀਦ ਜੈਮਲ ਸਿੰਘ ਨੂੰ ਫੁੱਲਾਂ ਵਰ੍ਹਾ ਕੇ ਵਿਦਾਇਗੀ ਦਿੱਤੀ ਹੈ।
ਇਸ ਮੌਕੇ ਰਾਜ ਮੁਹੰਮਦ ਨਾਂਅ ਦੇ ਫ਼ੌਜੀ ਨੇ ਸਰਕਾਰ ਖਿਲਾਫ ਰੱਜ ਕੇ ਭੜਾਸ ਕੱਢੀ। ਰਾਜ ਦਾ ਸ਼ਹੀਦ ਜੈਮਲ ਸਿੰਘ ਨਾਲ ਕੋਈ ਵੀ ਰਿਸ਼ਤਾ ਨਹੀਂ ਹੈ ਅਤੇ ਉਹ 70 ਕਿਲੋਮੀਟਰ ਤੋਂ ਸਿਰਫ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਆਇਆ ਸੀ।