ਚੰਡੀਗੜ੍ਹ: ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦੇਣ ਵਾਲੇ ਪੁਲਵਾਮਾ ਦਹਿਸ਼ਤੀ ਹਮਲੇ ਦੇ ਸ਼ਹੀਦਾਂ ਨੂੰ ਹਰ ਕੋਈ ਸਲਾਮ ਕਰ ਰਿਹਾ ਹੈ। ਸ਼ਹੀਦਾਂ ਦੇ ਪਰਿਵਾਰਾਂ ਦੇ ਦੁੱਖ ਵਿੱਚ ਹਰ ਕੋਈ ਸ਼ਰੀਕ ਹੋ ਰਿਹਾ ਹੈ, ਉੱਥੇ ਹੀ ਫ਼ਿਲਮੀ ਸਿਤਾਰੇ ਵੀ ਉਨ੍ਹਾਂ ਦਾ ਦੁੱਖ ਵੰਡਾਉਣ ਲਈ ਨਿੱਤਰ ਰਹੇ ਹਨ।


ਪੰਜਾਬ ਦੇ ਉੱਘੇ ਗਾਇਕ ਤੇ ਅਦਾਕਾਰ ਐਮੀ ਵਿਰਕ ਨੇ ਹਮਲੇ ਵਿੱਚ ਸ਼ਹੀਦ ਹੋਏ ਸੂਬੇ ਦੇ ਚਾਰ ਜਵਾਨਾਂ ਦੇ ਪਰਿਵਾਰਾਂ ਲਈ 10 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਐਮੀ ਵਿਰਕ ਨੇ ਆਪਣੇ ਸੋਸ਼ਲ ਮੀਡੀਆ ਖਾਤੇ 'ਤੇ ਇਸ ਦਾ ਐਲਾਨ ਕੀਤਾ ਹੈ। ਉਨ੍ਹਾਂ ਲਿਖਿਆ ਹੈ ਕਿ ਉਹ ਪੰਜਾਬ ਦੇ ਚਾਰ ਸ਼ਹੀਦ ਜਵਾਨਾਂ ਲਈ ਢਾਈ-ਢਾਈ ਲੱਖ ਰੁਪਏ ਦੇਣਗੇ।


ਉਨ੍ਹਾਂ ਇਹ ਵੀ ਕਿਹਾ ਕਿ ਉਹ ਪਰਿਵਾਰਾਂ ਨੂੰ ਪਏ ਪੁੱਤਰਾਂ ਦੇ ਘਾਟੇ ਨੂੰ ਤਾਂ ਨਹੀਂ ਪੂਰ ਸਕਦੇ ਪਰ ਆਪਣੇ ਵੱਲੋਂ ਇਹ ਮਦਦ ਜ਼ਰੂਰ ਕਰਨਗੇ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਵੀ ਸ਼ਹੀਦਾਂ ਦੇ ਪਰਿਵਾਰਾਂ ਨੂੰ 12-12 ਲੱਖ ਮੁਆਵਜ਼ਾ ਤੇ ਇੱਕ ਜਣੇ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਵੀ ਕੀਤਾ ਹੋਇਆ ਹੈ।

ਜ਼ਿਕਰਯੋਗ ਹੈ ਕਿ ਅੱਤਵਾਦੀ ਜਥੇਬੰਦੀ ਜੈਸ਼-ਏ-ਮੁਹੰਮਦ ਵੱਲੋਂ ਕੀਤੇ ਇਸ ਹਮਲੇ ਵਿੱਚ ਤਰਨ ਤਾਰਨ ਜ਼ਿਲ੍ਹੇ ਦੇ ਬਲਾਕ ਚੋਹਲਾ ਸਾਹਿਬ ਅਧੀਨ ਪਿੰਡ ਗੰਡੀਵਿੰਡ ਧੱਤਲ ਦਾ ਰਹਿਣ ਵਾਲਾ ਜਵਾਨ ਸੁਖਜਿੰਦਰ ਸਿੰਘ, ਮੋਗਾ ਦੇ ਕਸਬਾ ਕੋਟ ਈਸੇ ਖ਼ਾਂ ਦੇ ਪਿੰਡ ਗਲੋਟੀ ਦਾ ਜੈਮਲ ਸਿੰਘ, ਗੁਰਦਾਸਪੁਰ ਜ਼ਿਲ੍ਹੇ ਦੇ ਸ਼ਹਿਰ ਦੀਨਾਨਗਰ ਦੀ ਆਰਿਆ ਕਾਲੋਨੀ ਦਾ ਰਹਿਣ ਵਾਲਾ ਮਨਜਿੰਦਰ ਸਿੰਘ ਅਤੇ ਅਨੰਦਪੁਰ ਸਾਹਿਬ ਦੇ ਪਿੰਡ ਰੌਲੀ ਦੇ ਰਹਿਣ ਵਾਲੇ ਕੁਲਵਿੰਦਰ ਸਿੰਘ ਨੇ ਆਪਣੀਆਂ ਜਾਨਾਂ ਗਵਾ ਲਈਆਂ ਸਨ।