ਚੰਡੀਗੜ੍ਹ: ਬੀਤੇ ਕਈ ਦਿਨਾਂ ਤੋਂ ਰੁਕ-ਰੁਕ ਕੇ ਪਏ ਮੀਂਹ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਬੇਹੱਦ ਵਧਾ ਦਿੱਤੀਆਂ ਹਨ। ਗੁਰਦਾਸਪੁਰ ਦੇ ਛੰਭ ਤੇ ਕਈ ਕੰਢੀ ਖੇਤਰਾਂ ਵਿੱਚ ਜਲ-ਥਲ ਹੋ ਗਿਆ ਹੈ। ਤਾਜ਼ਾ ਮੀਂਹ ਨੇ ਕਣਕ ਤੇ ਸਰ੍ਹੋਂ ਤੋਂ ਲੈ ਕੇ ਹਰੇ-ਚਾਰੇ ਨੂੰ ਖਾਸਾ ਨੁਕਸਾਨ ਪਹੁੰਚਿਆ ਹੈ।


ਕਿਸਾਨਾਂ ਦਾ ਕਹਿਣਾ ਹੈ ਕਿ ਪਹਿਲਾਂ ਉਨ੍ਹਾਂ ਦੀ ਕਣਕ ਦੀ ਫ਼ਸਲ ਤਬਾਹ ਹੋਣ ਤੋਂ ਬਾਅਦ ਹੁਣ ਹਰੇ ਚਾਰੇ ਤੇ ਸਰ੍ਹੋਂ ਦੀਆਂ ਫ਼ਸਲਾਂ ਦੀ ਪੂਰੀ ਤਰਾਂ ਤਬਾਹ ਹੋਣ ਕੰਢੇ ਪਹੁੰਚ ਗਈਆਂ ਹਨ। ਹੁਣ ਕਿਸਾਨਾਂ ਨੂੰ ਪਸ਼ੂਆਂ ਲਈ ਹਰੇ ਚਾਰੇ ਦੀ ਕਿੱਲਤ ਦਾ ਸਾਹਮਣਾ ਕਰਨਾ ਪਾਏਗਾ। ਖੇਤਾਂ ਵਿੱਚ ਖੜ੍ਹਿਆ ਪਾਣੀ ਕੱਢਣ ਲਈ ਕਿਸਾਨਾਂ ਨੇ ਬਕਾਇਦਾ ਮੋਟਰਾਂ ਲਾਈਆਂ ਹੋਈਆਂ ਹਨ।

ਕਿਸਾਨਾਂ ਨੇ ਇਹ ਵੀ ਦੱਸਿਆ ਕਿ ਬੇਸ਼ੱਕ ਛੇ-ਸੱਤ ਫਰਵਰੀ ਨੂੰ ਹੋਈ ਭਾਰੀ ਬਰਸਾਤ ਮਗਰੋਂ ਪੰਜਾਬ ਸਰਕਾਰ ਨੇ ਵਿਸ਼ੇਸ਼ ਗਿਰਦਾਵਰੀ ਦੇ ਐਲਾਨ ਕੀਤੇ ਸਨ ਪਰ ਅਜੇ ਤੱਕ ਉਨ੍ਹਾਂ ਦੇ ਨੁਕਸਾਨੇ ਰਕਬੇ ਦੀ ਕੋਈ ਗਿਰਦਾਵਰੀ ਨਹੀਂ ਹੋ ਸਕੀ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਮੈਂਬਰ ਸੁਖਦੇਵ ਸਿੰਘ ਤੇ ਸੁਖਵਿੰਦਰ ਸਿੰਘ ਨੇ ਸਰਕਾਰ ਤੋਂ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਖਰਾਬੇ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ।

ਖੇਤੀਬਾੜੀ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਇਹ ਮੀਂਹ ਭਾਵੇਂ ਕਣਕ ਦੀ ਫਸਲ ਲਈ ਲਾਹੇਵੰਦ ਹੈ ਪਰ ਸਬਜ਼ੀਆਂ ਬੀਜਣ ਵਾਲੇ ਕਿਸਾਨ ਚਿੰਤਾ ਵਿਚ ਹਨ। ਗਰਮੀਆਂ ਦੀਆਂ ਸਬਜ਼ੀਆਂ ਬੀਜਣ ਵਾਲੇ ਕਿਸਾਨਾਂ ਨੂੰ ਹੁਣ ਕੁਝ ਸਮਾਂ ਹੋਰ ਉਡੀਕ ਕਰਨੀ ਪਵੇਗੀ। ਖੇਤੀ ਮਾਹਿਰ ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਬਾਰਸ਼ ਕਾਰਨ ਸਬਜ਼ੀਆਂ ਦੀ ਫ਼ਸਲ ਤੇ ਨੀਵਿਆਂ ਇਲਾਕਿਆਂ ਅੰਦਰ ਕਣਕ ਦੀ ਫ਼ਸਲ ਪ੍ਰਭਾਵਿਤ ਹੋਈ ਹੈ।

ਉੱਧਰ, ਅੰਮ੍ਰਿਤਸਰ, ਜਲੰਧਰ, ਪਟਿਆਲਾ, ਬਰਨਾਲਾ, ਚੰਡੀਗੜ੍ਹ ਤੇ ਮੁਹਾਲੀ ਵਿੱਚ ਬੀਤੇ ਦੋ ਦਿਨ ਦੌਰਾਨ ਰੁਕ ਰੁਕ ਕੇ ਮੀਂਹ ਜਾਰੀ ਰਿਹਾ। ਸ਼ਹਿਰੀ ਖੇਤਰਾਂ ਵਿੱਚ ਬੀਤੇ ਦਿਨੀਂ ਪਏ ਮੀਂਹ ਕਾਰਨ ਪਾਰਾ ਮੁੜ ਹੇਠਾਂ ਆ ਗਿਆ ਹੈ ਅਤੇ ਠੰਢ ਵਧ ਗਈ ਹੈ।