ਚੰਡੀਗੜ੍ਹ: ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ ਅੱਤਵਾਦੀ ਹਮਲੇ ਦੌਰਾਨ ਸੀਆਰਪੀਐਫ ਦੇ 40 ਜਵਾਨ ਸ਼ਹੀਦ ਹੋ ਗਏ ਜਿਨ੍ਹਾਂ ਵਿੱਚ ਚਾਰ ਜਵਾਨ ਪੰਜਾਬ ਦੇ ਰਹਿਣ ਵਲੇ ਸੀ। ਪੰਜਾਬ ਸਰਕਾਰ ਨੇ ਇਨ੍ਹਾਂ ਚਾਰ ਸ਼ਹੀਦ ਜਵਾਨਾਂ ਦੇ ਪਰਿਵਾਰਿਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਮੁੱਖ ਮੰਤਰੀ ਨੇ ਸ਼ਹੀਦਾਂ ਦੇ ਪਰਿਵਾਰਾਂ ਨੂੰ 12-12 ਲੱਖ ਰੁਪਏ ਦੀ ਮਾਲੀ ਸਹਾਇਤਾ ਦੇਣ ਦਾ ਵੀ ਐਲਾਨ ਕੀਤਾ।


ਚਾਰ ਸ਼ਹੀਦਾਂ ਦੀ ਪਛਾਣ ਕੁਲਵਿੰਦਰ ਸਿੰਘ (ਰੂਪਨਗਰ), ਸੁਖਜਿੰਦਰ ਸਿੰਘ (ਤਰਨ ਤਾਰਨ), ਜੈਮਲ ਸਿੰਘ (ਮੋਗਾ) ਅਤੇ ਮਨਜਿੰਦਰ ਸਿੰਘ (ਗੁਰਦਾਸਪੁਰ) ਵਜੋਂ ਹੋਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕੱਲ੍ਹ ਨੂੰ ਇਨ੍ਹਾਂ ਬਹਾਦਰ ਸ਼ਹੀਦਾਂ ਦਾ ਪੂਰੇ ਰਾਜ ਸਨਮਾਨ ਨਾਲ ਸਸਕਾਰ ਕੀਤਾ ਜਾਵੇਗਾ। ਉਨ੍ਹਾਂ ਸਾਰੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਅਫਸੋਸ ਜ਼ਾਹਰ ਕੀਤਾ।

ਇਹ ਵੀ ਪੜ੍ਹੋ- ਪੁਲਵਾਮਾ 'ਚ #CRPF 'ਤੇ ਹੋਏ ਹਮਲੇ 'ਚ ਸ਼ਹੀਦ ਹੋਏ ਪੰਜਾਬ ਦੇ 4 ਸਪੂਤ

ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਉਨ੍ਹਾਂ ਨਾਲ ਹਨ। ਉਨ੍ਹਾਂ ਇਸ ਹਮਲੇ ਲਈ ਸਿੱਧੇ ਤੌਰ ’ਤੇ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਤੇ ਕੇਂਦਰ ਸਰਕਾਰ ਕੋਲੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਕੇਂਦਰੀ ਰਿਜ਼ਰਵ ਪੁਲਿਸ ਬਲ ਦੇ ਕਾਫ਼ਲੇ 'ਤੇ ਫਿਦਾਈਨ ਹਮਲਾ ਹੋਇਆ ਜਿਸ ਵਿੱਚ 40 ਜਵਾਨ ਸ਼ਹੀਦ ਹੋ ਗਏ। ਇਸ ਮਗਰੋਂ ਪੰਜਾਬ ਵਿਧਾਨ 'ਚ ਸੋਗ ਮਨਾਇਆ ਗਿਆ।