ਅੰਮ੍ਰਿਤਸਰ: ਵਿਸ਼ਵ ਸੈਰ ਸਪਾਟਾ ਦਿਵਸ ਮੌਕੇ 27 ਸਤੰਬਰ ਤੋਂ ਏਅਰ ਇੰਡੀਆ ਵੱਲੋਂ ਸ਼ੁਰੂ ਹੋ ਰਹੀ ਅੰਮ੍ਰਿਤਸਰ-ਦਿੱਲੀ-ਟੋਰਾਂਟੋ ਦੀ ਉਡਾਣ ਪੰਜਾਬੀਆਂ ਤੇ ਖਾਸ ਕਰਕੇ ਕੈਨੇਡਾ ਰਹਿ ਰਹੇ ਪ੍ਰਵਾਸੀ ਭਾਰਤੀਆਂ ਲਈ ਰਾਹਤ ਲੈ ਕੇ ਆ ਰਹੀ ਹੈ। ਇਸ ਫਲਾਈਟ ਦੇ ਸ਼ੁਰੂ ਹੋਣ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਢੇ ਪੰਜ ਸੌ ਸਾਲਾ ਜਨਮ ਸ਼ਤਾਬਦੀ ਮੌਕੇ ਕਰਵਾਏ ਜਾਣ ਵਾਲੇ ਸਮਾਗਮ ਵਿੱਚ ਕੈਨੇਡਾ ਤੋਂ ਆਉਣ ਵਾਲੇ ਪ੍ਰਵਾਸੀ ਭਾਰਤੀਆਂ ਨੂੰ ਬੇਹੱਦ ਲਾਹਾ ਮਿਲੇਗਾ ਕਿਉਂਕਿ ਬਹੁਤ ਸਾਰੇ ਪ੍ਰਵਾਸੀ ਭਾਰਤੀ ਪਹਿਲਾਂ ਦਿੱਲੀ ਜਾਣ ਦੀ ਬਜਾਏ ਸਿੱਧਾ ਅੰਮ੍ਰਿਤਸਰ ਆਉਣਾ ਚਾਹੁੰਦੇ ਹਨ।

ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਪੁਰੀ ਦਾ ਧੰਨਵਾਦ ਕੀਤਾ। ਹਾਲਾਂਕਿ ਉਨ੍ਹਾਂ ਕਿਹਾ ਕਿ ਇਹ ਫਲਾਈਟ ਅੰਮ੍ਰਿਤਸਰ ਵਾਇਆ ਦਿੱਲੀ ਟੋਰਾਂਟੋ ਨਹੀਂ ਹੋਣੀ ਚਾਹੀਦੀ ਬਲਕਿ ਟੋਰਾਂਟੋ-ਅੰਮ੍ਰਿਤਸਰ-ਦਿੱਲੀ ਹੋਣੀ ਚਾਹੀਦੀ ਹੈ ਕਿਉਂਕਿ ਪੰਜਾਬੀ ਜੋ ਅੰਮ੍ਰਿਤਸਰ ਆਉਣਾ ਚਾਹੁੰਦੇ ਹਨ, ਉਹ ਟੋਰਾਂਟੋ ਤੋਂ ਸਿੱਧਾ ਅੰਮ੍ਰਿਤਸਰ ਦੀ ਹੀ ਫਲਾਈਟ ਭਾਲਦੇ ਹਨ ਅਤੇ ਇਹ ਮੰਗ ਪਹਿਲਾਂ ਵੀ ਉਠਾਉਂਦੇ ਰਹੇ ਹਨ ਤੇ ਹੁਣ ਵੀ ਉਹ ਪੁਰੀ ਨੂੰ ਮਿਲ ਕੇ ਇਸ ਨੂੰ ਰੀਵਾਈਜ਼ ਕਰਨ ਲਈ ਕਹਿਣਗੇ। ਔਜਲਾ ਨੇ ਮੰਗ ਕੀਤੀ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕੇਂਦਰ ਸਰਕਾਰ ਵੱਲੋਂ ਹੋਰਾਂ ਦੇਸ਼ਾਂ ਤੋਂ ਵੀ ਅਜਿਹੀਆਂ ਫਲਾਈਟਾਂ ਚਲਾਈਆਂ ਜਾਣ।

ਅੰਮ੍ਰਿਤਸਰ ਤੋਂ ਵਾਇਆ ਦਿੱਲੀ ਟੋਰਾਂਟੋ ਨੂੰ ਸ਼ੁਰੂ ਹੋਣ ਵਾਲੀ ਫਲਾਈਟ ਪਹਿਲਾਂ ਵੀ ਅੰਮ੍ਰਿਤਸਰ ਦੇ ਏਅਰਪੋਰਟ ਤੋਂ ਚੱਲਦੀ ਸੀ ਤੇ ਇਹ ਇੱਕ ਫਾਇਦੇਮੰਦ ਫਲਾਈਟ ਸੀ। ਇਸ ਨੂੰ ਅੱਠ ਸਾਲ ਪਹਿਲਾਂ ਕੇਂਦਰੀ ਹਵਾਬਾਜ਼ੀ ਮੰਤਰੀ ਪ੍ਰਫੁੱਲ ਪਟੇਲ ਨੇ ਬੰਦ ਕਰ ਦਿੱਤਾ ਸੀ। ਉਸ ਵੇਲੇ ਉਨ੍ਹਾਂ ਉੱਪਰ ਇਲਜ਼ਾਮ ਲੱਗੇ ਸਨ ਕਿ ਉਹ ਨਿੱਜੀ ਕੰਪਨੀਆਂ ਨੂੰ ਫਾਇਦਾ ਪਹੁੰਚਾਉਣ ਦੇ ਚੱਕਰ ਵਿੱਚ ਏਅਰ ਇੰਡੀਆ ਦੀਆਂ ਫਾਇਦੇਮੰਦ ਫ਼ਲਾਈਟਾਂ ਬੰਦ ਕਰ ਰਹੇ ਹਨ, ਪਰ ਹੁਣ ਹਰਦੀਪ ਸਿੰਘ ਪੁਰੀ ਨੇ ਜਦੋਂ ਮੰਤਰਾਲਾ ਸੰਭਾਲਿਆ ਤਾਂ ਉਨ੍ਹਾਂ ਨੇ ਟਵੀਟ ਕਰਕੇ ਐਲਾਨ ਕੀਤਾ ਕਿ 27 ਸਤੰਬਰ ਤੋਂ ਇਹ ਫਲਾਈਟ ਸ਼ੁਰੂ ਹੋਵੇਗੀ।



ਦੂਜੇ ਪਾਸੇ ਟ੍ਰੈਵਲਿੰਗ ਦੇ ਕਾਰੋਬਾਰ ਨਾਲ ਜੁੜੇ ਬੰਦਿਆਂ ਦਾ ਕਹਿਣਾ ਹੈ ਕਿ ਇਹ ਇੱਕ ਫਾਇਦੇਮੰਦ ਫਲਾਈਟ ਰਹੀ ਹੈ ਤੇ ਭਵਿੱਖ ਵਿੱਚ ਵੀ ਫ਼ਾਇਦੇਮੰਦ ਰਹੇਗੀ ਕਿਉਂਕਿ ਇਸ ਦੇ ਬੰਦ ਹੋਣ ਨਾਲ ਜਿੱਥੇ ਏਅਰ ਇੰਡੀਆ ਨੂੰ ਘਾਟਾ ਪਿਆ ਉੱਥੇ ਬਹੁਤ ਸਾਰੀਆਂ ਵਿਦੇਸ਼ੀ ਹਵਾਈ ਕੰਪਨੀਆਂ ਕਮਾਈ ਕਰਕੇ ਲੈ ਗਈਆਂ। ਯਾਤਰੀਆਂ ਨੇ ਵੀ ਇਸ ਫਲਾਈਟ ਦਾ ਸਵਾਗਤ ਕੀਤਾ ਹੈ ਤੇ ਕਿਹਾ ਹੈ ਕਿ ਇਹ ਇੱਕ ਫਾਇਦੇਮੰਦ ਫਲਾਈਟ ਹੈ ਬਸ਼ਰਤੇ ਇਸ ਨੂੰ ਪਹਿਲਾਂ ਸ਼ੁਰੂ ਕਰ ਦੇਣਾ ਚਾਹੀਦਾ ਸੀ।