ਪੰਜਾਬ 'ਚ ਪਰਾਲੀ ਸਾੜਨ ਦੇ ਕੇਸ 2500 ਦੇ ਅੰਕੜੇ ਤੋਂ ਪਾਰ ਹੋ ਗਏ ਹਨ। ਸੋਮਵਾਰ ਨੂੰ 256 ਨਵੇਂ ਕੇਸ ਸਾਹਮਣੇ ਆਏ ਤੇ ਪਿਛਲੇ ਕਈ ਦਿਨਾਂ ਵਾਂਗ ਸਭ ਤੋਂ ਵੱਧ ਪਰਾਲੀ ਸੰਗਰੂਰ 'ਚ ਹੀ ਸਾੜੀ ਗਈ। ਸੰਗਰੂਰ 'ਚ 61 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਪਰਾਲੀ ਸਾੜਨ ਕਾਰਨ ਸੂਬੇ ਦੀ ਹਵਾ 'ਚ ਪ੍ਰਦੂਸ਼ਣ ਲਗਾਤਾਰ ਵੱਧ ਰਿਹਾ ਹੈ।
ਚਾਰ ਸ਼ਹਿਰਾਂ AQI ਖਰਾਬ ਸ਼੍ਰੇਣੀ 'ਚ ਦਰਜ
ਸੋਮਵਾਰ ਨੂੰ ਪੰਜਾਬ ਦੇ ਚਾਰ ਸ਼ਹਿਰਾਂ ਦੀ ਹਵਾ ਗੁਣਵੱਤਾ (AQI) ਖਰਾਬ ਸ਼੍ਰੇਣੀ 'ਚ ਦਰਜ ਕੀਤੀ ਗਈ। ਇਨ੍ਹਾਂ 'ਚ ਸਭ ਤੋਂ ਵੱਧ ਪ੍ਰਦੂਸ਼ਿਤ ਹਵਾ ਪਟਿਆਲਾ ਦੀ ਰਹੀ, ਜਿਥੇ AQI 250 ਦਰਜ ਕੀਤਾ ਗਿਆ। ਖੰਨਾ 'ਚ 248, ਮੰਡੀ ਗੋਬਿੰਦਗੜ੍ਹ 'ਚ 234 ਅਤੇ ਜਲੰਧਰ 'ਚ 206 ਦਰਜ ਹੋਇਆ।
ਪਰਾਲੀ ਸਾੜਨ ਦੇ ਕੁੱਲ ਮਾਮਲੇ ਵੱਧ ਕੇ 2518 ਹੋ ਗਏ
ਸੋਮਵਾਰ ਨੂੰ ਪੰਜਾਬ 'ਚ ਪਰਾਲੀ ਸਾੜਨ ਦੇ ਕੁੱਲ ਮਾਮਲੇ ਵੱਧ ਕੇ 2518 ਹੋ ਗਏ। ਇਨ੍ਹਾਂ 'ਚੋਂ ਸਭ ਤੋਂ ਵੱਧ 471 ਕੇਸ ਤਰਨ ਤਾਰਨ ਜ਼ਿਲ੍ਹੇ 'ਚ ਸਾਹਮਣੇ ਆਏ ਹਨ। ਸੰਗਰੂਰ 'ਚ 467, ਫਿਰੋਜ਼ਪੁਰ 'ਚ 263, ਅੰਮ੍ਰਿਤਸਰ 'ਚ 232, ਬਠਿੰਡਾ 'ਚ 166, ਪਟਿਆਲਾ 'ਚ 146, ਕਪੂਰਥਲਾ 'ਚ 104, ਮਨਸਾ 'ਚ 94, ਮੁਕਤਸਰ 'ਚ 80, ਮੋਗਾ 'ਚ 78, ਲੁਧਿਆਣਾ 'ਚ 57, ਬਰਨਾਲਾ 'ਚ 56, ਮਲੇਰਕੋਟਲਾ 'ਚ 46, ਜਲੰਧਰ 'ਚ 43, ਫਾਜ਼ਿਲਕਾ 'ਚ 42, ਫਰੀਦਕੋਟ 'ਚ 39, ਫਤਿਹਗੜ੍ਹ ਸਾਹਿਬ 'ਚ 30, ਐਸ.ਏ.ਐਸ. ਨਗਰ 'ਚ 26 ਅਤੇ ਹੁਸ਼ਿਆਰਪੁਰ 'ਚ 15 ਮਾਮਲੇ ਦਰਜ ਕੀਤੇ ਗਏ ਹਨ।
ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ
ਸਿਹਤ ਵਿਭਾਗ ਵੱਲੋਂ ਪ੍ਰਦੂਸ਼ਣ ਨਾਲ ਜੁੜੀਆਂ ਬਿਮਾਰੀਆਂ ਤੋਂ ਬਚਾਅ ਲਈ ਸਲਾਹ (ਐਡਵਾਈਜ਼ਰੀ) ਜਾਰੀ ਕੀਤੀ ਗਈ ਹੈ। ਜ਼ਿਲ੍ਹਾ ਮੈਡੀਕਲ ਸੁਪਰਿੰਟੈਂਡੈਂਟ-ਕਮ-ਸਿਵਲ ਸਰਜਨ ਪਟਿਆਲਾ ਡਾ. ਸੰਜੇ ਕਾਮਰਾ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਏਅਰ ਕੁਆਲਿਟੀ ਇੰਡੈਕਸ ਖਰਾਬ ਹੋਣ ਕਾਰਨ ਬੱਚਿਆਂ ਅਤੇ ਬਜ਼ੁਰਗਾਂ — ਖਾਸ ਕਰਕੇ ਜਿਨ੍ਹਾਂ ਨੂੰ ਪਹਿਲਾਂ ਤੋਂ ਦਮਾ ਜਾਂ ਸਾਂਹ ਨਾਲ ਜੁੜੀਆਂ ਸਮੱਸਿਆਵਾਂ ਹਨ, ਅਜਿਹੇ ਮਰੀਜ਼ਾਂ ਦੀ ਗਿਣਤੀ ਹਸਪਤਾਲਾਂ 'ਚ ਵੱਧ ਰਹੀ ਹੈ।
ਉਨ੍ਹਾਂ ਕਿਹਾ ਕਿ ਆਮ ਤੌਰ 'ਤੇ ਪ੍ਰਦੂਸ਼ਣ ਕਾਰਨ ਅੱਖਾਂ 'ਚ ਜਲਣ, ਸਾਂਹ ਲੈਣ ਵਿੱਚ ਤਕਲੀਫ਼, ਥਕਾਵਟ ਅਤੇ ਚਿੜਚਿੜਾਪਣ ਦੇ ਲੱਛਣ ਸਾਹਮਣੇ ਆ ਰਹੇ ਹਨ। ਡਾ. ਕਾਮਰਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਾਂਹ ਦੇ ਮਰੀਜ਼ਾਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪਰਾਲੀ ਸਾੜਣ ਤੋਂ ਪਰਹੇਜ਼ ਕਰਨ।
ਕੂੜੇ ਨੂੰ ਅੱਗ ਲਗਾਉਣ ਤੋਂ ਬਚੋ...
ਇਸ ਮੌਸਮ ਵਿੱਚ ਪੈਦਲ ਚੱਲਣ, ਸਾਈਕਲ ਚਲਾਉਣ ਜਾਂ ਦੌੜਣ ਤੋਂ ਬਚਣਾ ਚਾਹੀਦਾ ਹੈ। ਬਾਹਰ ਨਿਕਲਦਿਆਂ ਚਿਹਰੇ 'ਤੇ ਮਾਸਕ ਪਹਿਨਣਾ ਜ਼ਰੂਰੀ ਹੈ ਅਤੇ ਧੂੜ-ਮਿੱਟੀ ਉੱਡਣ ਤੋਂ ਰੋਕਣ ਲਈ ਪਾਣੀ ਦਾ ਛਿੜਕਾਅ ਕਰਨਾ ਚਾਹੀਦਾ ਹੈ। ਸਾਂਹ ਤੇ ਦਮੇ ਦੇ ਮਰੀਜ਼ ਆਪਣੀਆਂ ਦਵਾਈਆਂ ਅਤੇ ਇਨਹੇਲਰ ਹਮੇਸ਼ਾ ਨਾਲ ਰੱਖਣ। ਘਰਾਂ ਵਿੱਚ ਝਾੜੂ ਦੀ ਥਾਂ ਗੀਲੇ ਪੋਛੇ ਦਾ ਇਸਤੇਮਾਲ ਕਰਨਾ ਚਾਹੀਦਾ ਹੈ।
ਅਗਰਬੱਤੀ, ਪੱਤੇ ਜਾਂ ਕੂੜਾ-ਕਰਕਟ ਸਾੜਣ ਤੋਂ ਪਰਹੇਜ਼ ਕਰੋ। ਪਾਰਕਾਂ ਆਦਿ ਵਿੱਚ ਇਕੱਠੀ ਹੋਈ ਘਾਸ-ਪੱਤੀਆਂ ਨੂੰ ਸਾੜਣ ਦੀ ਬਜਾਏ ਕੁਚਲ ਦੇਣਾ ਚਾਹੀਦਾ ਹੈ। ਬੱਚਿਆਂ, ਬਜ਼ੁਰਗਾਂ ਅਤੇ ਗਰਭਵਤੀ ਮਹਿਲਾਵਾਂ ਨੂੰ ਪ੍ਰਦੂਸ਼ਿਤ ਇਲਾਕਿਆਂ ਵਿੱਚ ਜਾਣ ਤੋਂ ਰੋਕਣਾ ਚਾਹੀਦਾ ਹੈ।