ਅੰਮ੍ਰਿਤਸਰ: ਆਮ ਆਦਮੀ ਪਾਰਟੀ ਵਿਧਾਇਕ ਅਤੇ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਖਿਲਾਫ਼ ਅਦਾਲਤ ਵੱਲੋਂ ਜਾਰੀ ਹੋਏ ਗ਼ੈਰ-ਜਮਾਨਤੀ ਵਾਰੰਟ ਤੋਂ ਬਾਅਦ ਹੀ ਪੰਜਾਬ ਦੀ ਸਿਆਸਤ ਭਖੀ ਹੋਈ ਹੈ। ਪਰ ਬੀਤੇ ਕੱਲ੍ਹ ਜਿਉਂ ਹੀ ਹਾਈ ਕੋਰਟ ਨੇ ਖਹਿਰਾ ਵੱਲੋਂ ਦਾਇਰ ਪਟੀਸ਼ਨ ਰੱਦ ਕੀਤੀ ਤਾਂ ਅਕਾਲੀ ਦਲ ਵਲੋਂ ਖਹਿਰਾ ਦੇ ਅਸਤੀਫੇ ਦੀ ਮੰਗ ਸ਼ੁਰੂ ਕਰ ਦਿੱਤੀ ਗਈ। ਇਸੇ ਕਾਰਨ ਅੱਜ ਪੰਜਾਬ ਭਰ ਵਿੱਚ ਅਕਾਲੀਆਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਖਹਿਰਾ ਦੇ ਨਾਲ ਨਾਲ ਕੇਜਰੀਵਾਲ ਦੇ ਵੀ ਪੁਤਲੇ ਫੂਕੇ ਗਏ।
ਅੰਮ੍ਰਿਤਸਰ ਵਿੱਚ ਕਈ ਅਕਾਲੀ ਵਰਕਰ ਕਚਿਹਰੀ ਚੌਂਕ ਵਿਖੇ ਇਕੱਠੇ ਹੋਏ ਅਤੇ ਕੇਜਰੀਵਾਲ, ਸੁਖਪਾਲ ਖਹਿਰਾ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਤੋਂ ਬਾਅਦ ਇਨ੍ਹਾਂ ਅਕਾਲੀਆਂ ਨੇ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ਝਾੜੂ ਨੂੰ ਵੀ ਅੱਗ ਦੇ ਹਵਾਲੇ ਕਰ ਰੋਸ ਦਾ ਪ੍ਰਗਟਾਵਾ ਕੀਤਾ।
ਅਕਾਲੀ ਦਲ ਦੇ ਲੀਡਰਾਂ ਦੀ ਮੰਗ ਹੈ ਕਿ ਕੇਜਰੀਵਾਲ ਵਲੋਂ ਸੁਖਪਾਲ ਖਹਿਰਾ ਦਾ ਅਸਤੀਫਾ ਨਾ ਲਏ ਜਾਣ ਤੋਂ ਇਹ ਸਾਫ ਹੈ ਕਿ ਕੇਜਰੀਵਾਲ ਅਤੇ ਉਨ੍ਹਾਂ ਦੀ ਪਾਰਟੀ ਨਸ਼ਾ ਤਸਕਰਾਂ ਦੇ ਨਾਲ ਹੈ। ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਪਰਤਾਪ ਸਿੰਘ ਟਿੱਕਾ ਨੇ ਕਿਹਾ ਕਿ ਸੁਖਪਾਲ ਖਹਿਰਾ ਹਮੇਸ਼ਾ ਨਸ਼ੇ ਦੇ ਖਿਲਾਫ਼ ਬਿਆਬਾਜ਼ੀ ਕਰ ਕੇ ਅਕਾਲੀ ਲੀਡਰਾਂ 'ਤੇ ਝੂਠੇ ਇਲਜ਼ਾਮ ਲਾਉਂਦਾ ਰਿਹਾ ਹੈ ਪਰ ਆਪਣੇ ਆਪ 'ਤੇ ਗੰਭੀਰ ਇਲਜ਼ਾਮ ਲੱਗਣ ਤੋਂ ਬਾਅਦ ਵੀ ਅਸਤੀਫਾ ਦੇਣ ਨੂੰ ਤਿਆਰ ਨਹੀਂ ਹੈ।
ਦਰਅਸਲ, ਬੀਤੇ ਕੱਲ੍ਹ ਖਹਿਰਾ ਦੀ ਪਟੀਸ਼ਨ ਰੱਦ ਹੋਣ ਤੋਂ ਬਾਅਦ ਹੀ ਪੂਰੇ ਪੰਜਾਬ ਵਿੱਚ ਅਕਾਲੀ ਲੀਡਰਾਂ ਵੱਲੋਂ ਖਹਿਰਾ ਦੀ ਮੰਗ ਕੀਤੀ ਗਈ ਸੀ ਪਰ ਪਿਛਲੇ ਲੰਮੇਂ ਸਮੇਂ ਤੋਂ ਨਸ਼ਾ ਤਸਰਕਰੀ ਦੇ ਇਲਜ਼ਾਮਾਂ ਨਾਲ ਘਿਰੇ ਰਹਿਣ ਵਾਲੇ ਅਕਾਲੀ ਵਿਧਾਇਕ ਬਿਕਰਮ ਮਜੀਠੀਆ ਉਸ ਪ੍ਰੈਸ ਕਾਨਫਰੰਸ ਵਿੱਚ ਨਜ਼ਰ ਨਹੀਂ ਆਏ। ਉਨ੍ਹਾਂ ਤੋਂ ਇਲਾਵਾ ਸਾਬਕਾ ਅਕਾਲੀ ਵਿਧਾਇਕ ਅਮਰਪਾਲ ਸਿੰਘ ਬੋਨੀ ਦੇ ਵੀ ਉਸ ਪ੍ਰੈਸ ਕਾਨਫਰੰਸ ਵਿੱਚ ਸ਼ਾਮਿਲ ਨਾ ਹੋਣ ਤੋਂ ਸਾਫ ਹੈ ਕਿ ਪਿਛਲੇ ਦਿਨੀਂ ਮੀਡੀਆ ਵਿੱਚ ਬੋਨੀ ਵਲੋਂ ਬਿੱਟੂ ਔਲਖ ਦੇ ਪਰਿਵਾਰ ਦੇ ਹੱਕ ਵਿੱਚ ਦਿੱਤੇ ਗਏ ਹਲਫੀਆ ਬਿਆਨ ਨੇ ਮਜੀਠੀਆ ਨੂੰ ਇੱਕ ਵਾਰ ਫਿਰ ਮੁਸ਼ਕਿਲਾਂ ਵਿੱਚ ਪਾ ਦਿੱਤਾ ਹੈ।