ਚੰਡੀਗੜ੍ਹ: ਬੀਤੀ ਸ਼ਾਮ ਸ਼ਹਿਰ ਵਿੱਚ ਆਟੋ ਰਿਕਸ਼ਾ ਚਾਲਕ ਤੇ ਤਿੰਨ ਵਿਅਕਤੀਆਂ ਨੇ 21 ਸਾਲਾ ਲੜਕੀ ਨਾਲ ਜਬਰ ਜਨਾਹ ਕੀਤਾ ਹੈ। ਜਾਣਕਾਰੀ ਅਨੁਸਾਰ ਇਹ ਘਟਨਾ ਦੇਰ ਸ਼ਾਮ ਦੀ ਹੈ, ਜਦੋਂ ਇਕ ਲੜਕੀ ਨੇ ਸੈਕਟਰ-37 ਤੋਂ ਆਪਣੇ ਘਰ ਮੁਹਾਲੀ ਜਾਣ ਲਈ ਆਟੋ ਰਿਕਸ਼ਾ ਲਿਆ ।

ਆਟੋ ਰਿਕਸ਼ਾ ਜਦੋਂ ਸੈਕਟਰ-53 ਨੇੜੇ ਪਹੁੰਚਿਆ ਤਾਂ ਆਟੋ ਚਾਲਕ ਤੇ 2 ਹੋਰ ਵਿਅਕਤੀਆਂ ਨੇ ਉਥੋਂ ਦੇ ਸੁੰਨਸਾਨ ਤੇ ਹਨੇਰੇ ਵਾਲੇ ਖੇਤਰ 'ਚ ਲੜਕੀ ਨੂੰ ਚਾਕੂ ਦਿਖਾਇਆ ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਜਿਸ ਤੋਂ ਬਾਅਦ ਉਨ੍ਹਾਂ ਨੇ ਲੜਕੀ ਨਾਲ ਜਬਰ ਜਨਾਹ ਕੀਤਾ ਤੇ ਲੜਕੀ ਨੂੰ ਆਟੋ 'ਚੋਂ ਸੁੱਟ ਕੇ ਫ਼ਰਾਰ ਹੋ ਗਏ।

ਕੁਝ ਸਮੇਂ ਬਾਅਦ ਉਥੋਂ ਕੁੱਝ ਨੌਜਵਾਨ ਲੰਘੇ ਤੇ ਲੜਕੀ ਨੂੰ ਨੀਮ-ਬੇਹੋਸ਼ੀ ਦੀ ਹਾਲਤ 'ਚ ਦੇਖਿਆ ਤੇ ਚੰਡੀਗੜ੍ਹ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ।
ਜਾਣਕਾਰੀ ਅਨੁਸਾਰ ਸੈਕਟਰ-36 ਥਾਣੇ ਤੋਂ ਪੁਲਿਸ ਰਾਤ ਕੋਈ ਪੌਣੇ 9 ਵਜੇ ਜਦੋਂ ਘਟਨਾ ਵਾਲੇ ਸਥਾਨ 'ਤੇ ਪਹੁੰਚੀ ਤਾਂ ਲੜਕੀ ਦੀ ਹਾਲਤ ਕਾਫ਼ੀ ਖਰਾਬ ਸੀ। ਲੜਕੀ ਨੂੰ ਸੈਕਟਰ-16 ਦੇ ਸਰਕਾਰੀ ਹਸਪਤਾਲ ਲੈ ਗਈ ਸੀ, ਜਿਥੇ ਲੜਕੀ ਦੀ ਮੈਡੀਕਲ ਜਾਂਚ ਚੱਲ ਰਹੀ ਸੀ। ਪੁਲਿਸ ਨੇ ਸੈਕਟਰ-36 ਥਾਣੇ ਵਿਚ ਮਾਮਲਾ ਦਰਜ ਕਰ ਲਿਆ ਹੈ।