ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਲਦੀ ਹੀ 'ਸਿੱਖ ਹੈਰੀਟੇਜ ਕਮਿਸ਼ਨ' ਦਾ ਗਠਨ ਕੀਤਾ ਜਾਵੇਗਾ। ਦੁਨੀਆ ਭਰ ਵਿੱਚ ਕਿਸੇ ਗੁਰਦੁਆਰੇ ਤੇ ਸਿੱਖ ਪੰਥ ਨਾਲ ਸਬੰਧਤ ਇਮਾਰਤ ਦੀ ਮੁਰੰਮਤ ਕਰਨ ਤੋਂ ਪਹਿਲਾਂ ਇਸ ਕਮਿਸ਼ਨ ਦੀ ਪ੍ਰਵਾਨਗੀ ਲੈਣੀ ਜ਼ਰੂਰੀ ਹੋਵੇਗੀ। ਇਸ ਕਮਿਸ਼ਨ ਵਿੱਚ ਦੋ ਸਿੱਖ ਇਤਿਹਾਸਕਾਰ ਦੋ ਆਰਕੀਟੈਕਟ ਤੇ ਇੱਕ ਸਿੱਖ ਵਿਦਵਾਨ ਜਾਂ ਹੋਰ ਮਾਹਰ ਹੋ ਸਕਦਾ ਹੈ।

ਪਿਛਲੇ ਦਿਨੀਂ ਤਰਨ ਤਾਰਨ ਦੇ ਸ੍ਰੀ ਦਰਬਾਰ ਸਾਹਿਬ ਗੁਰਦੁਆਰੇ ਦੀ ਇਤਿਹਾਸਿਕ ਡਿਉਢੀ ਤੋੜਨ ਤੋਂ ਬਾਅਦ ਸਿੱਖ ਭਾਵਨਾਵਾਂ ਨੂੰ ਠੇਸ ਪੁੱਜੀ ਸੀ ਤੇ ਸਿੱਖ ਪੰਥ ਵਿੱਚ ਜਿਸ ਤਰ੍ਹਾਂ ਇਸ ਦਾ ਵਿਰੋਧ ਹੋਇਆ ਸੀ, ਇਸ ਲਈ ਇਸ ਤਰ੍ਹਾਂ ਦੇ ਕਮਿਸ਼ਨ ਦੀ ਜ਼ਰੂਰਤ ਮਹਿਸੂਸ ਹੋਈ ਹੈ। ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਦੱਸਿਆ ਕਿ 60 ਸਾਲ ਪੁਰਾਣੇ ਗੁਰਦੁਆਰਾ ਸਾਹਿਬ ਜਾ ਪੰਥ ਨਾਲ ਸਬੰਧਤ ਇਮਾਰਤ ਦੀ ਮੁਰੰਮਤ ਕਰਨ ਲਈ ਇਸ ਕਮਿਸ਼ਨ ਤੋਂ ਇਜਾਜ਼ਤ ਲੈਣੀ ਪਵੇਗੀ।



ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਦੱਸਿਆ ਕਿ ਤਰਨ ਤਾਰਨ ਦੇ ਸ੍ਰੀ ਦਰਬਾਰ ਸਾਹਿਬ ਦੀ ਡਿਉਢੀ ਤੋੜਨ ਦੀ ਘਟਨਾ ਨਾਲ ਸਿੱਖ ਕੌਮ ਵਿੱਚ ਗੁੱਸੇ ਦੀ ਲਹਿਰ ਹੋਣ ਕਰਕੇ ਉਹ ਅੱਜ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਮੰਗ ਪੱਤਰ ਦਿੱਤਾ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਇਸ ਦੀ ਜਾਂਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਖੁਦ ਕਰਨ ਕਿਉਂਕਿ ਐਸਜੀਪੀਸੀ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਇਹ ਘਟਨਾ ਵਾਪਰੀ ਹੈ।

ਉਨ੍ਹਾਂ ਕਿਹਾ ਕਿ ਜੋ ਲੋਕ ਵੀ ਇਸ ਲਈ ਜ਼ਿੰਮੇਵਾਰ ਹਨ, ਉਨ੍ਹਾਂ ਖਿਲਾਫ ਸਖ਼ਤ ਕਾਰਵਾਈ ਤਾਂ ਹੋਵੇ ਹੀ, ਨਾਲ ਉਨ੍ਹਾਂ ਨੂੰ ਸਿੱਖ ਪੰਥ ਵਿੱਚੋਂ ਵੀ ਛੇਕਿਆ ਜਾਵੇ। ਬ੍ਰਹਮਪੁਰਾ ਨੇ ਕਿਹਾ ਕਿ ਅਸੀਂ ਮੰਗ ਕੀਤੀ ਹੈ ਕਿ ਐਸਜੀਪੀਸੀ ਦੇ ਚੁਣੇ ਹੋਏ ਨੁਮਾਇੰਦੇ ਕਾਰ ਸੇਵਾ ਵਾਲੇ ਬਾਬਿਆਂ ਤੇ ਐਸਜੀਪੀਸੀ ਵਿਚਕਾਰ ਸੌਦੇਬਾਜ਼ੀ ਬੰਦ ਹੋਣੀ ਚਾਹੀਦੀ ਹੈ।