ਲੰਗਾਹ ਬਾਰੇ ਅਕਾਲ ਤਖ਼ਤ ਸਾਹਿਬ ਹੋਇਆ ਸਖ਼ਤ
ਏਬੀਪੀ ਸਾਂਝਾ | 02 Oct 2017 03:21 PM (IST)
ਫ਼ਾਈਲ ਫ਼ੋਟੋ
ਅੰਮ੍ਰਿਤਸਰ: ਅਕਾਲੀ ਲੀਡਰ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੁੱਚਾ ਸਿੰਘ ਲੰਗਾਹ ਦੀ ਵਾਇਰਲ ਹੋਈ ਅਸ਼ਲੀਲ ਵੀਡੀਓ ਬਾਰੇ ਅਖੀਰ ਕਾਰ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਪਣੀ ਚੁੱਪੀ ਤੋੜ ਹੀ ਦਿੱਤੀ ਹੈ। ਜੱਥੇਦਾਰ ਨੇ ਅੱਜ ਇੱਕ ਬਿਆਨ ਜਾਰੀ ਕਰ ਕੇ ਦੱਸਿਆ ਕਿ 5 ਅਕਤੂਬਰ 2017 ਦਿਨ ਵੀਰਵਾਰ ਨੂੰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੰਗਾਮੀ ਇਕੱਤਰਤਾ ਬੁਲਾਈ ਗਈ ਹੈ। ਇਸ ਵਿਚ ਧਾਰਮਿਕ ਮਾਮਲਿਆਂ ਪ੍ਰਤੀ ਗਠਿਤ ਕੀਤੀ ਧਾਰਮਿਕ ਸਲਹਾਕਾਰ ਕਮੇਟੀ ਦੀ ਰਾਏ ਪ੍ਰਾਪਤ ਕਰਨ ਉਪਰੰਤ ਬਲਾਤਕਾਰ ਦੇ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਲੰਗਾਹ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਉਹ ਪਿਛਲੇ ਕਈ ਦਿਨਾਂ ਤੋਂ ਉਤਰਖੰਡ (ਯੂ.ਪੀ) ਵਿਖੇ ਪ੍ਰਚਾਰ ਦੌਰੇ ਤੇ ਗਏ ਹੋਏ ਹਨ ਤੇ ਅੱਜ ਇਹ ਬਿਆਨ ਜਾਰੀ ਕੀਤਾ ਗਿਆ ਹੈ। ਇਸ ਵਿੱਚ ਉਨ੍ਹਾਂ ਕਿਹਾ ਕਿ ਧਾਰਮਿਕ ਅਤੇ ਸਮਾਜਿਕ ਖੇਤਰ ਵਿਚ ਵੱਡੇ ਅਹੁਦਿਆਂ 'ਤੇ ਰਹਿੰਦੇ ਹੋਏ ਸੁੱਚਾ ਸਿੰਘ ਲੰਗਾਹ ਨੇ ਅਜਿਹੀ ਘਟੀਆ ਹਰਕਤ (ਬੱਜਰ ਕੁਰਹਿਤ) ਕਰ ਕੇ ਜਿੱਥੇ ਸਮਾਜਿਕ ਤੇ ਪੰਥਕ ਹਲਕਿਆਂ ਵਿਚ ਬਦਨਾਮੀ ਕਰਵਾਈ ਹੈ ਓਥੇ ਹੀ ਉਸ ਨੇ ਸਿੱਖ ਰਹਿਤ ਮਰਿਆਦਾ ਦੇ ਅਸੂਲਾਂ ਖਿਲਾਫ਼ ਕੀਤੀ ਅਜਿਹੀ ਕਾਰਵਾਈ ਨਾਲ ਸਿੱਖੀ ਅਸੂਲਾਂ ਦਾ ਘਾਣ ਵੀ ਕੀਤਾ ਹੈ। ਜੱਥੇਦਾਰ ਨੇ ਕਿਹਾ, "ਸ਼੍ਰੋਮਣੀ ਕਮੇਟੀ ਜੋ ਸੰਸਾਰ ਭਰ ਵਿਚ (ਸਿੱਖ ਪਾਰਲੀਮੈਂਟ) ਵਜੋਂ ਜਾਣੀ ਜਾਂਦੀ ਹੈ, ਦੇ ਸਤਿਕਾਰਤ ਅਹੁਦੇ ਅਤੇ ਪੰਥਕ ਸਰਕਾਰ ਵਿਚ ਜ਼ਿੰਮੇਵਾਰੀਆਂ ਨਿਭਾਅ ਚੁੱਕੇ ਸੁੱਚਾ ਸਿੰਘ ਲੰਗਾਹ ਦੀ ਪਿਛਲੇ ਦਿਨੀਂ ਸ਼ੋਸਲ ਮੀਡੀਆ 'ਤੇ ਅਤਿ-ਨਿੰਦਣਯੋਗ ਅਤੇ ਗ਼ੈਰ-ਇਖ਼ਲਾਕੀ ਵਾਇਰਲ ਹੋਈ ਵੀਡੀਓ ਦਾ ਗੰਭੀਰ ਨੋਟਿਸ ਲੈਂਦਿਆਂ ਉਸ ਦੀ ਕਰੜੇ ਸ਼ਬਦਾਂ ਵਿਚ ਨਿਖੇਧੀ ਕਰਦਾ ਹਾਂ। ਸੰਸਾਰ ਭਰ ਵਿਚ ਵਸਦੀ ਸਿੱਖ ਸੰਗਤ ਵੱਲੋਂ ਇਸ ਘਟਨਾ ਦੀ ਜਿੰਨੀ ਵੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਜਾਵੇ ਓਨੀ ਹੀ ਥੋੜੀ ਹੈ।" ਉਨ੍ਹਾਂ ਕਿਹਾ ਕਿ ਸਿੱਖ ਪੰਥ ਵਿਚ ਜਿਸ ਕਿਸੇ ਨੇ ਵੀ ਕੋਈ ਅਜਿਹੀ ਘਿਨਾਉਣੀ ਹਰਕਤ ਜਿਸ ਵਿਚ ਸਿੱਖੀ ਦੇ ਅਸੂਲਾਂ ਨੂੰ ਸੱਟ ਵੱਜਦੀ ਹੋਵੇ ਪੰਥ ਨੇ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਅਤੇ ਉਸ ਨੂੰ ਢੁੱਕਵੀਂ ਸਜ਼ਾ ਦਿੱਤੀ ਹੈ। ਅਜਿਹੇ ਅਨਸਰ ਜੋ ਸਿੱਖੀ 'ਤੇ ਕਲੰਕ ਹੋਣ ਉਨ੍ਹਾਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।