ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਨੇ 118 ਸਾਲ ਪੁਰਾਣੇ ਚੀਫ਼ ਖ਼ਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ (Chief Khalsa Diwan Charanjit Singh Chadha) ਨੂੰ ‘ਕਲੀਨ ਚਿੱਟ’ ਦੇ ਦਿੱਤੀ ਹੈ ਤੇ ਉਨ੍ਹਾਂ ਨੂੰ ਹੁਣ ਜਨਤਕ ਸਮਾਰੋਹਾਂ ’ਚ ਸ਼ਾਮਲ ਹੋਣ ਦੀ ਇਜਾਜ਼ਤ ਵੀ ਦਿੱਤੀ ਹੈ। ਦੱਸ ਦੇਈਏ ਕਿ ਪਿਛਲੇ ਦੋ ਸਾਲਾਂ ਤੋਂ ਉਨ੍ਹਾਂ ਉੱਤੇ ਜਨਤਕ ਸਮਾਰੋਹਾਂ ’ਚ ਹਿੱਸਾ ਲੈਣ ਉੱਤੇ ਪਾਬੰਦੀ ਸੀ। ਇਹ ਪਾਬੰਦੀ ਉਨ੍ਹਾਂ ਦੀਆਂ ਕਥਿਤ ‘ਗ਼ੈਰ ਨੈਤਿਕ’ ਗਤੀਵਿਧੀਆਂ ਕਰ ਕੇ ਲਾਈ ਗਈ ਸੀ।
ਦੱਸ ਦੇਈਏ ਕਿ ਦਸੰਬਰ 2017 ’ਚ ਚੱਢਾ ਦੀ ਇੱਕ ਵੀਡੀਓ ਵਾਇਰਲ ਹੋਈ ਸੀ; ਜਿਸ ਵਿੱਚ ਉਹ ਚੀਫ਼ ਖ਼ਾਲਸਾ ਦੀਵਾਨ ਵੱਲੋਂ ਚਲਾਏ ਜਾਂਦੇ ਸਕੂਲ ਦੀ ਇੱਕ ਮਹਿਲਾ ਪ੍ਰਿੰਸੀਪਲ ਨਾਲ ਗ਼ਲਤ ਜਿਨਸੀ ਹਰਕਤਾਂ ਕਰਦੇ ਵਿਖਾਈ ਦੇ ਰਹੇ ਹਨ। ਉਸ ਘਟਨਾ ਤੋਂ ਬਾਅਦ ਉਨ੍ਹਾਂ ਨੂੰ ਅਸਤੀਫ਼ਾ ਦੇਣਾ ਪਿਆ ਸੀ।
23 ਜਨਵਰੀ, 2018 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਚਰਨਜੀਤ ਸਿੰਘ ਚੱਢਾ ਉੱਤੇ ਕਿਸੇ ਵੀ ਤਰ੍ਹਾਂ ਦੇ ਧਾਰਮਿਕ, ਸਮਾਜਕ, ਸਿਆਸੀ ਤੇ ਵਿਦਿਅਕ ਸਮਾਰੋਹ ’ਚ ਭਾਗ ਲੈਣ ਉੱਤੇ ਰੋਕ ਲਾ ਦਿੱਤੀ ਸੀ। ਉਂਝ ਉਹ ਸਮਾਰੋਹਾਂ ’ਚ ਆਮ ਵਿਅਕਤੀ ਵਜੋਂ ਭਾਗ ਲੈ ਸਕਦੇ ਸਨ। ਸ੍ਰੀ ਅਕਾਲ ਤਖ਼ਤ ਸਾਹਿਬ ਨੇ ਇਸ ਸਮੇਂ ਦੌਰਾਨ ਉਨ੍ਹਾਂ ਦੇ ਆਚਾਰ-ਵਿਵਹਾਰ ਉੱਤੇ ਨਜ਼ਰ ਰੱਖਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਸਨ।
ਚਰਨਜੀਤ ਸਿੰਘ ਚੱਢਾ ਨੇ ਕਈ ਵਾਰ ਆਪਣੇ ਉੱਤੇ ਲੱਗੀ ਪਾਬੰਦੀ ਹਟਾਉਣ ਦੀ ਬੇਨਤੀ ਸ੍ਰੀ ਅਕਾਲ ਤਖ਼ਤ ਸਾਹਿਬ ਸਾਵੇਂ ਕੀਤੀ ਸੀ। ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਐਕਟਿੰਗ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੁਰਾਂ ਨੇ ਹਾਲੀਆ ਬੈਠਕ ’ਚ ਉਨ੍ਹਾਂ ਦੇ ਮਾਮਲੇ ਦੀ ਸਮੀਖਿਆ ਕੀਤੀ ਸੀ ਤੇ ਉਨ੍ਹਾਂ ਉੱਤੇ ਲੱਗੀ ਪਾਬੰਦੀ ਹਟਾ ਦਿੱਤੀ ਸੀ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਐਕਟਿੰਗ ਜੱਥੇਦਾਰ ਦੇ ਪੀਏ ਕੁਲਵਿੰਦਰ ਸਿੰਘ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਚਰਨਜੀਤ ਸਿੰਘ ਚੱਢਾ ਨੂੰ ਬੀਤੀ 5 ਅਪ੍ਰੈਲ ਨੂੰ ਅਧਿਕਾਰਤ ਚਿੱਠੀ ਰਾਹੀਂ ਬਾਕਾਇਦਾ ਇਸ ਫ਼ੈਸਲੇ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ।
ਉੱਧਰ ਚਰਨਜੀਤ ਸਿੰਘ ਚੱਢਾ ਨੇ ਪਾਬੰਦੀ ਹਟਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸ਼ੁਕਰਾਨਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਥਾਨਕ ਗੁਰਦੁਆਰਾ ਸਾਹਿਬ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਰੱਖਿਆ ਜਾਵੇਗਾ, ਜਿਸ ਦਾ ਭੋਗ ਸੋਮਵਾਰ ਨੂੰ ਪਵੇਗਾ।
ਇਹ ਵੀ ਦੱਸ ਦੇਈਏ 4 ਜਨਵਰੀ, 2018 ਨੂੰ ਚਰਨਜੀਤ ਸਿੰਘ ਚੱਢਾ ਦੇ ਪੁੱਤਰ ਇੰਦਰਪ੍ਰੀਤ ਸਿੰਘ ਚੱਢਾ (ਜੋ ਚੀਫ਼ ਖ਼ਾਲਸਾ ਦੀਵਾਨ ਦੇ ਤਦ ਮੀਤ ਪ੍ਰਧਾਨ ਸਨ) ਨੇ ਆਪਣੇ ਲਾਇਸੈਂਸੀ ਹਥਿਆਰ ਨਾਲ ਖ਼ੁਦਕੁਸ਼ੀ ਕਰ ਲਈ ਸੀ। ਉਹ ਆਪਣੇ ਪਿਤਾ ਉੱਤੇ ਲੱਗੇ ਜਿਨਸੀ ਸ਼ੋਸ਼ਣ ਦੇ ਦੋਸ਼ ਕਾਰਣ ਜ਼ਿਹਨੀ ਤੌਰ ਉੰਤੇ ਪਰੇਸ਼ਾਨ ਹੋ ਗਏ ਸਨ।
ਇਹ ਵੀ ਪੜ੍ਹੋ: MI vs RCB, IPL 2021: ਅੱਜ ਤੋਂ ਦੁਨੀਆ ਦੀ ਸਭ ਤੋਂ ਅਮੀਰ ਕ੍ਰਿਕੇਟ ਲੀਗ ਦੇ 14ਵੇਂ ਸੀਜ਼ਨ ਦੀ ਸ਼ੁਰੂਆਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904