IPL 2021: ਕੋਰੋਨਾ ਵਾਇਰਸ ਦੀ ਮਹਾਮਾਰੀ ਦੌਰਾਨ ਦੁਨੀਆ ਦੀ ਸਭ ਤੋਂ ਹਰਮਨਪਿਆਰੀ ਕ੍ਰਿਕੇਟ ਲੀਗ ਆਈਪੀਐੱਲ ਦੇ 14ਵੇਂ ਸੀਜ਼ਨ ਦੀ ਸ਼ੁਰੂਆਤ ਅੱਜ ਤੋਂ ਹੋਣ ਜਾ ਰਹੀ ਹੈ। ਪਹਿਲੇ ਮੁਕਾਬਲੇ ’ਚ ਪੰਜ ਵਾਰ ਦੀ ਚੈਂਪੀਅਨ ‘ਮੁੰਬਈ ਇੰਡੀਅਨਜ਼’ ਹੁਣ ਤੱਕ ਇੱਕ ਵਾਰ ਵੀ ਖ਼ਿਤਾਬ ਨਾ ਜਿੱਤ ਸਕਣ ਵਾਲੀ ‘ਰਾਇਲ ਚੈਲੇਂਜਰਸ ਬੈਂਗਲੌਰ’ ਦੀ ਟੀਮ ਨੂੰ ਟੱਕਰ ਦੇਵੇਗੀ। ਮੁੰਬਈ ਦੀ ਕਮਾਂਡ ਰੋਹਿਤ ਸ਼ਰਮਾ ਦੇ ਹੱਥਾਂ ’ਚ ਹੈ, ਜਦ ਕਿ ਬੈਂਗਲੋਰ ਦੀ ਕਮਾਂਡ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੇ ਹੱਥਾਂ ’ਚ ਹੈ।
ਕੋਰੋਨਾ ਵਾਇਰਸ ਕਾਰਣ ਭਾਵੇਂ 14ਵੇਂ ਸੀਜ਼ਨ ਨੂੰ ਲੈ ਕੇ ਕਈ ਸਾਰੇ ਸੁਆਲ ਵੀ ਹਨ ਪਰ ਇਹ ਦੂਜਾ ਸੀਜ਼ਨ ਹੋਵੇਗਾ, ਜਿਸ ਦਾ ਆਯੋਜਨ ਕੋਵਿਡ–19 ਮਹਾਮਾਰੀ ਦੌਰਾਨ ਹੋਣ ਜਾ ਰਿਹਾ ਹੈ। ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (BCCI) ਨੂੰ ਆਸ ਹੈ ਕਿ ਉਹ ਪਿਛਲੇ ਸਾਲ ਵਾਂਗ ਇਸ ਵਾਰ ਵੀ ਬਿਨਾ ਕਿਸੇ ਪਰੇਸ਼ਾਨੀ ਦੇ ਆਈਪੀਐੰਲ ਦਾ ਆਯੋਜਨ ਕਰਵਾਉਣ ’ਚ ਸਫ਼ਲ ਹੋਵੇਗਾ।
ਕੋਰੋਨਾ ਵਾਇਰਸ ਦੇ ਖ਼ਤਰੇ ਕਾਰਣ ਬੀਸੀਸੀਆਈ ਨੇ ਮੈਦਾਨ ’ਚ ਦਰਸ਼ਕਾਂ ਨੂੰ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਹੈ। ਇਸ ਦੇ ਨਾਲ ਹੀ ਬੋਰਡ ਨੇ ਬਾਇਓ ਬਬਲ ਨਾਲ ਖਿਡਾਰੀਆਂ ਤੇ ਸਟਾਫ਼ ਲਈ ਬਹੁਤ ਸਖ਼ਤ ਕੋਵਿਡ ਪ੍ਰੋਟੋਕੋਲ ਤੈਅ ਕੀਤੇ ਹਨ। ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ 50 ਦਿਨਾਂ ਤੱਕ ਚੱਲਣ ਵਾਲੇ ਇਸ ਟੂਰਨਾਮੈਂਟ ’ਚ ਲਗਭਗ 10 ਹਜ਼ਾਰ ਕੋਰੋਨਾ ਵਾਇਰਸ ਟੈਸਟ ਹੋ ਸਕਦੇ ਹਨ।
ਇਸ ਵਰ੍ਹੇ BCCI ਨੇ ਆਈਪੀਐੱਲ ਨੂੰ ਛੇ ਸ਼ਹਿਰਾਂ ਮੁੰਬਈ, ਅਹਿਮਦਾਬਾਦ, ਕੋਲਕਾਤਾ, ਚੇਨਈ, ਦਿੱਲੀ ਤੇ ਬੈਂਗਲੌਰ ’ਚ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਪਿਛਲੇ ਸੀਜ਼ਨ ਵਾਂਗ ਇਸ ਵਾਰ ਵੀ ਕਿਸੇ ਟੀਮ ਨੂੰ ਘਰੇਲੂ ਮੈਦਾਨ ਦਾ ਫ਼ਾਇਦਾ ਨਹੀਂ ਮਿਲੇਗਾ।
ਲੀਗ ਦੇ ਪਹਿਲੇ ਗੇੜ ਦੇ 20 ਮੈਚ ਚੇਨਈ ਤੇ ਮੁੰਬਈ ’ਚ ਹੋਣਗੇ; ਜਦ ਕਿ ਅਗਲੇ ਗੇੜ ਦੇ ਮੁਕਾਬਲੇ ਅਹਿਮਦਾਬਾਦ ਤੇ ਦਿੱਲੀ ’ਚ ਹੋਣਗੇ। ਇੱਥੇ 16 ਮੁਕਾਬਲੇ ਹੋਣਗੇ। ਇਸ ਤੋਂ ਬਾਅਦ ਲੀਗ ਦੇ ਆਖ਼ਰੀ 20 ਮੁਕਾਬਲੇ ਬੈਂਗਲੁਰੂ ਤੇ ਕੋਲਕਾਤਾ ਵਿਖੇ ਹੋਣਗੇ। ਪਲੇਆੱਫ਼ ਮੁਕਾਬਲੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਹੋਣਗੇ।
ਲੀਗ ਦੀ ਸ਼ੁਰੂਆਤ ਤੋਂ ਪਹਿਲਾਂ ਤਿੰਨ ਖਿਡਾਰੀਆਂ ਦੇਵਦੱਤ ਪਡਿਕਲ, ਨਿਤਿਸ਼ ਰਾਣਾ ਅਤੇ ਡੈਨੀਅਲ ਸੈਮ ਦੀ ਕੋਰੋਨਾ ਵਾਇਰਸ ਰਿਪੋਰਟ ਪਾਜ਼ਿਟਿਵ ਆਉਣ ਕਾਰਣ ਪ੍ਰਸ਼ੰਸਕਾਂ ਦੀ ਚਿੰਤਾ ਵੀ ਵਧੀ ਹੋਈ ਹੈ। ਰਾਹਤ ਵਾਲੀ ਗੱਲ ਇਹ ਰਹੀ ਹੈ ਕਿ ਹਾਲੇ ਤੱਕ ਬੀਸੀਸੀਆਈ ਪੂਰੇ ਹਾਲਾਤ ਉੱਤੇ ਕਾਬੂ ਪਾ ਕੇ ਰੱਖਣ ਵਿੱਚ ਸਫ਼ਲ ਰਿਹਾ ਹੈ।
ਇਹ ਵੀ ਪੜ੍ਹੋ: Haryana Coronavirus: ਕੋਰੋਨਾ ਦੇ ਕਹਿਰ ਨੂੰ ਵੇਖਦਿਆਂ ਬੀਜੇਪੀ ਮੰਤਰੀ ਬੋਲੇ, ਕਿਸਾਨਾਂ ਨਾਲ ਮੁੜ ਸ਼ੁਰੂ ਹੋਏ ਗੱਲਬਾਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904