ਨਵੀਂ ਦਿੱਲੀ: ਸੰਗਰੂਰ ਤੋਂ ਲੋਕ ਸਭਾ ਮੈਂਬਰ ਤੇ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਆਖਿਆ ਕਿ ਚੀਨੀ ਸੈਨਿਕ ਭਾਰਤੀ ਸਰਹੱਦ ’ਚ ਕਈ ਕਿਲੋਮੀਟਰ ਅੰਦਰ ਤੱਕ ਦਾਖ਼ਲ ਹੋ ਗਏ ਹਨ ਪਰ ਦੇਸ਼ ਦੀ ਫ਼ੌਜ ਉਨ੍ਹਾਂ ਨੂੰ ਰੋਕਣ ਵਿੱਚ ਨਾਕਾਮ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਖ਼ੁਫੀਆ ਏਜੰਸੀਆਂ ਵੀ ਸਹੀ ਜਾਣਕਾਰੀ ਨਹੀਂ ਦੇ ਰਹੀਆਂ।
ਸੰਸਦ ਭਵਨ ਦੇ ਬਾਹਰ ਮੰਗਲਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਮਰਨਜੀਤ ਮਾਨ ਨੇ ਕਿਹਾ ਕਿ ਸੰਸਦ ਮੈਂਬਰ ਦੇਸ਼ ਪ੍ਰਤੀ ਵਫ਼ਦਾਰੀ ਤੇ ਦੇਸ਼ ਦੀ ਅਖੰਡਤਾ ਦੀ ਸਹੁੰ ਚੁੱਕਦੇ ਹਨ ਤੇ ਕੇਂਦਰ ਸਰਕਾਰ ਦੇਸ਼ ਦੀ ਰਖਵਾਲੀ ਕਰਦੀ ਹੈ। ਉਨ੍ਹਾਂ ਕਿਹਾ ਕਿ ਚੀਨੀ ਸੈਨਿਕਾਂ ਦੇ ਸਾਲ 2020 ਵਿੱਚ ਭਾਰਤੀ ਸਰਹੱਦ ਦੇ 900 ਕਿਲੋਮੀਟਰ ਅੰਦਰ ਆਉਣ ਦਾ ਅਰਥ ਹੈ ਕਿ ਕੇਂਦਰ ਸਰਕਾਰ ਲਾਚਾਰ ਹੋ ਗਈ ਹੈ, ਜੋ ਕੁਝ ਕਰਨਾ ਨਹੀਂ ਚਾਹੁੰਦੀ।
ਉਨ੍ਹਾਂ ਕਿਹਾ ਕਿ ਭਾਰਤੀ ਫ਼ੌਜ ਵੀ ਚੀਨੀ ਸੈਨਿਕਾਂ ਨੂੰ ਰੋਕਣ ਵਿੱਚ ਨਾਕਾਮ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਖ਼ੁਫੀਆ ਤੇ ਸੁਰੱਖਿਆ ਏਜੰਸੀਆਂ ਵੀ ਚੀਨੀ ਫ਼ੌਜ ਦੀ ਮੌਜੂਦਾ ਸਥਿਤੀ ਬਾਰੇ ਸਹੀ ਜਾਣਕਾਰੀ ਨਹੀਂ ਦੇ ਰਹੀਆਂ।
ਇਹ ਵੀ ਪੜ੍ਹੋ : Punjab News: ਸ਼੍ਰੋਮਣੀ ਕਮੇਟੀ ਖਿਲਾਫ ਨਿੱਤਰੇ ਵਿੱਦਿਅਕ ਅਦਾਰਿਆਂ ਦੇ ਕਰਮਚਾਰੀ, ਰੋਹ ਨੂੰ ਵੇਖਦਿਆਂ ਨਵੇਂ ਨਿਯਮਾਂ 'ਤੇ ਲਾਈ ਰੋਕ
ਉਨ੍ਹਾਂ ਕਿਹਾ, ‘‘ਮੇਰੇ ਬਾਰੇ ਕਿਹਾ ਜਾਂਦਾ ਹੈ ਕਿ ਮੈਂ ਖਾਲਿਸਤਾਨ ਬਣਾਊਂਗਾ, ਪਰ ਮੈਂ ਅਜੇ ਤੱਕ ਅਜਿਹਾ ਨਹੀਂ ਕੀਤਾ।’’ ਉਨ੍ਹਾਂ ਕਿਹਾ, ‘‘ਮੈਂ ਖਾਲਿਸਤਾਨ ਦੀ ਗੱਲ ਕਰਦਾ ਹਾਂ ਤਾਂ ਹੰਗਾਮਾ ਸ਼ੁਰੂ ਹੋ ਜਾਂਦਾ ਹੈ, ਪਰ ਕੇਂਦਰ ਸਰਕਾਰ ਦੇਸ਼ ਦੀ ਸੁਰੱਖਿਆ ਨਹੀਂ ਕਰ ਪਾ ਰਹੀ।’’
ਇਹ ਵੀ ਪੜ੍ਹੋ : ਪੰਜਾਬ 'ਚ 25 ਹਜ਼ਾਰ ਤੋਂ ਵੱਧ ਨੌਕਰੀਆਂ ਮੁਹੱਈਆ ਕਰਵਾਉਣ ਲਈ ਤਿਆਰੀਆਂ ਮੁਕੰਮਲ : ਕੈਬਨਿਟ ਮੰਤਰੀ