ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਹੇਠ ਚੱਲ ਰਹੇ ਵਿੱਦਿਅਕ ਅਦਾਰਿਆਂ ਦੇ ਅਧਿਆਪਕਾਂ, ਗੈਰ ਅਧਿਆਪਕ ਅਮਲੇ ਨੂੰ ਪੱਕੇ ਕਰਨ ਤੇ ਗਰੇਡ ਦੇਣ ਸਬੰਧੀ ਨਿਯਮਾਂ ’ਚ ਕੀਤੀ ਤਬਦੀਲੀ ਖ਼ਿਲਾਫ਼ ਇਨ੍ਹਾਂ ਵਿੱਦਿਅਕ ਅਦਾਰਿਆਂ ਦਾ ਅਮਲਾ ਮੈਦਾਨ ਵਿੱਚ ਨਿੱਤਰ ਆਇਆ ਹੈ। ਸ਼੍ਰੋਮਣੀ ਕਮੇਟੀ ਨੇ ਇਸ ਵਿਰੋਧ ਨੂੰ ਦੇਖਦਿਆਂ ਇਸ ਮਾਮਲੇ ਸਬੰਧੀ ਸਬ-ਕਮੇਟੀ ਦੀ ਰਿਪੋਰਟ ਲਾਗੂ ਕਰਨ ’ਤੇ ਫਿਲਹਾਲ ਰੋਕ ਲਾ ਦਿੱਤੀ ਹੈ ਤੇ ਮਾਮਲੇ ਨੂੰ ਵਿਚਾਰਨ ਲਈ ਇੱਕ ਕਮੇਟੀ ਕਾਇਮ ਕਰ ਦਿੱਤੀ ਹੈ।
ਇਨ੍ਹਾਂ ਪ੍ਰਦਰਸ਼ਨਕਾਰੀ ਅਧਿਆਪਕਾਂ ਨੇ ਮੰਗਲਵਾਰ ਨੂੰ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਦੇ ਬਾਹਰ ਧਰਨਾ ਦਿੱਤਾ। ਸ਼੍ਰੋਮਣੀ ਕਮੇਟੀ ਦੇ ਸਿੱਖਿਆ ਵਿਭਾਗ ਦੇ ਸਕੱਤਰ ਸੁਖਮਿੰਦਰ ਸਿੰਘ ਨੇ ਅਧਿਆਪਕਾਂ ਨੂੰ ਭਰੋਸਾ ਦਿੱਤਾ ਗਿਆ ਕਿ ਇਸ ਫ਼ੈਸਲੇ ’ਤੇ ਮੁੜ ਵਿਚਾਰ ਕੀਤਾ ਜਾਵੇਗਾ ਤੇ ਫਿਲਹਾਲ ਇਸ ਮਾਮਲੇ ’ਤੇ ਰੋਕ ਲਗਾ ਦਿੱਤੀ ਗਈ ਹੈ।
ਸ਼੍ਰੋਮਣੀ ਕਮੇਟੀ ਦੇ ਸਕੱਤਰ ਡਾ. ਪਰਮਜੀਤ ਸਿੰਘ ਸਰੋਆ ਨੇ ਦੱਸਿਆ ਕਿ ਇਹ ਮਾਮਲਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਤੇ ਉਨ੍ਹਾਂ ਨੇ ਫਿਲਹਾਲ ਇਸ ਫ਼ੈਸਲੇ ਨੂੰ ਲਾਗੂ ਕਰਨ ’ਤੇ ਰੋਕ ਲਾ ਦਿੱਤੀ ਹੈ। ਅਧਿਆਪਕ ਤੇ ਗੈਰ ਅਧਿਆਪਕ ਅਮਲੇ ਦੀ ਮੰਗ ਨੂੰ ਵਿਚਾਰਨ ਵਾਸਤੇ ਇਕ ਸੱਤ ਮੈਂਬਰੀ ਸਬ-ਕਮੇਟੀ ਬਣਾ ਦਿੱਤੀ ਗਈ ਹੈ, ਜੋ ਜਲਦੀ ਹੀ ਇਸ ਮਾਮਲੇ ਬਾਰੇ ਵਿਚਾਰ ਕਰੇਗੀ। ਇਸ ਕਮੇਟੀ ਵਿੱਚ ਅੰਤ੍ਰਿੰਗ ਕਮੇਟੀ ਮੈਂਬਰ ਜੋਧ ਸਿੰਘ ਸਮਰਾ, ਗੁਰਪ੍ਰੀਤ ਕੌਰ, ਬਾਬਾ ਗੁਰਪ੍ਰੀਤ ਸਿੰਘ ਅਤੇ ਮੈਂਬਰ ਕਿਰਨਜੋਤ ਕੌਰ ਤੋਂ ਇਲਾਵਾ ਸਕੱਤਰ ਵਿੱਦਿਆ ਤੇ ਦੋ ਪ੍ਰਿੰਸੀਪਲ ਸ਼ਾਮਲ ਕੀਤੇ ਗਏ ਹਨ।
ਪ੍ਰਦਰਸ਼ਨਕਾਰੀ ਅਧਿਆਪਕਾਂ ਵਿੱਚ ਸ਼ਾਮਲ ਅਧਿਆਪਕ ਹਰਪਾਲ ਸਿੰਘ ਨੇ ਮੰਗ ਕੀਤੀ ਕਿ ਬਦਲਾਅ ਕੀਤੀ ਇਸ ਨੀਤੀ ਨੂੰ ਰੱਦ ਕੀਤਾ ਜਾਵੇ ਤੇ ਪਹਿਲਾਂ ਵਾਲੀ ਨੀਤੀ ਨੂੰ ਲਾਗੂ ਕੀਤਾ ਜਾਵੇ। ਅਧਿਆਪਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਅਪਰੈਲ ਮਹੀਨੇ ਤੋਂ ਹੁਣ ਤੱਕ ਦੀਆਂ ਤਨਖਾਹਾਂ ਵੀ ਨਹੀਂ ਮਿਲੀਆਂ ਹਨ।
ਪ੍ਰਦਰਸ਼ਨਕਾਰੀ ਅਧਿਆਪਕਾਂ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀ ਮੰਗ ਸਬੰਧੀ ਕੋਈ ਫ਼ੈਸਲਾ ਨਹੀਂ ਹੁੰਦਾ ਉਹ ਰੋਜ਼ਾਨਾ ਇੱਥੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਆਉਂਦੇ ਰਹਿਣਗੇ। ਇਨ੍ਹਾਂ ਅਧਿਆਪਕਾਂ ਵੱਲੋਂ ਸ਼ੁੱਕਰਵਾਰ ਤੇ ਸ਼ਨਿਚਰਵਾਰ ਆਪੋ ਆਪਣੇ ਵਿੱਦਿਅਕ ਅਦਾਰਿਆਂ ਵਿਚ ਰੋਸ ਪ੍ਰਗਟਾਇਆ ਗਿਆ ਸੀ। ਇਹ ਮੁਲਾਜ਼ਮ ਸੋਮਵਾਰ ਵੀ ਅਧਿਕਾਰੀਆਂ ਨੂੰ ਮਿਲਣ ਆਏ ਸਨ, ਪਰ ਇਨ੍ਹਾਂ ਦਾ ਮਸਲਾ ਹੱਲ ਨਹੀਂ ਹੋਇਆ।