ਚੰਡੀਗੜ੍ਹ : ਆਮ ਆਦਮੀ ਪਾਰਟੀ ਹੀ ਬੀਜੇਪੀ ਦੀ ਬੀ ਟੀਮ ਹੈ ਇਹ ਅਕਾਲੀ ਦਲ ਨੇ ਸਾਬਿਤ ਕਰ ਦਿੱਤਾ ਹੈ। ਦਰਅਸਲ ਜਦੋਂ ਤੋਂ ਆਮ ਆਦਮੀ ਪਾਰਟੀ  ਨੇ ਯੂਨੀਫਾਰਮ ਸਿਵਲ ਕੋਡ (ਯੂਸੀਸੀ) ਦਾ ਸਮਰਥਨ ਕੀਤਾ ਹੈ, ਉਦੋਂ ਤੋਂ ਪੰਜਾਬ ਦੀਆਂ ਵਿਰੋਧੀ ਪਾਰਟੀਆਂ ਨੇ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਅਕਾਲੀ ਦਲ ਦੇ ਆਗੂ ਡਾ.ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ‘ਆਪ’ ਪਾਰਟੀ ਦੀਆਂ ਨੀਤੀਆਂ ਭਾਜਪਾ ਨਾਲੋਂ ਵੱਖਰੀਆਂ ਨਹੀਂ ਹਨ ਅਤੇ ਇਸ ਨਾਲ ‘ਆਪ’ ਸੁਪਰੀਮੋ ਕੇਜਰੀਵਾਲ ਦਾ ਚਿਹਰਾ ਨੰਗਾ ਹੋ ਗਿਆ ਹੈ। ਓਧਰ ਕਾਂਗਰਸੀ ਲੀਡਰ ਸੁਖਪਾਲ ਸਿੰਘ ਖਹਿਰਾ ਨੇ ਵੀ ਆਦਮ ਆਦਮੀ ਪਾਰਟੀ ਨੂੰ ਯੂਨੀਫਾਰਮ ਸਿਵਲ ਕੋਡ ਦਾ ਸਮਰਥਨ ਕਰਨ 'ਤੇ ਘੇਰਿਆ ਹੈ। 


ਯੂਨੀਫਾਰਮ ਸਿਵਲ ਕੋਡ ਨੂੰ ਲੈ ਕੇ ਆਪ ਦੇ ਰਾਜ ਸਭਾ ਮੈਂਬਰ ਆਗੂ ਸੰਦੀਪ ਪਾਠਕ ਨੇ ਕਿਹਾ ਸੀ ਕਿ ਕੁਝ ਮੁੱਦੇ ਅਜਿਹੇ ਹਨ, ਜਿਨ੍ਹਾਂ ਨੂੰ ਆਉਣ ਵਾਲੇ ਸਮੇਂ 'ਚ ਉਲਟਾਇਆ ਨਹੀਂ ਜਾ ਸਕਦਾ। ਕੁਝ ਦੇਸ਼ ਲਈ ਬਹੁਤ ਬੁਨਿਆਦੀ ਹਨ। ਅਜਿਹੇ ਮੁੱਦਿਆਂ 'ਤੇ ਤਾਨਾਸ਼ਾਹੀ ਵੱਲ ਜਾਣਾ ਠੀਕ ਨਹੀਂ ਹੋਵੇਗਾ। ਅਜਿਹੇ 'ਚ ਸਾਡਾ ਮੰਨਣਾ ਹੈ ਕਿ ਸਾਰਿਆਂ ਨਾਲ ਗੱਲਬਾਤ ਕਰਕੇ ਸਹਿਮਤੀ ਬਣ ਜਾਣੀ ਚਾਹੀਦੀ ਹੈ। ਯੂਨੀਫਾਰਮ ਸਿਵਲ ਕੋਡ ਨੂੰ ਲਾਗੂ ਕਰਨ ਦਾ ਤਰੀਕਾ ਸਹਿਮਤੀ ਹੈ।



ਡਾ.ਚੀਮਾ ਨੇ ਕਿਹਾ ਕਿ ਲਾਅ ਕਮਿਸ਼ਨ ਦੀ ਰਿਪੋਰਟ ਅਨੁਸਾਰ ਯੂਨੀਫਾਰਮ ਸਿਵਲ ਕੋਡ ਸੰਭਵ ਨਹੀਂ ਹੈ ਅਤੇ ਇਸ ਨਾਲ ਦੇਸ਼ ਵਿੱਚ ਅਵਿਸ਼ਵਾਸ, ਅਸਥਿਰਤਾ, ਤਣਾਅ ਅਤੇ ਅਮਨ-ਕਾਨੂੰਨ ਦੀ ਸਥਿਤੀ ਵਿਗੜ ਜਾਵੇਗੀ। ਫਿਰ ਇਸ ਕਾਨੂੰਨ ਨੂੰ ਲਾਗੂ ਕਿਉਂ ਕਰਨਾ ਚਾਹੁੰਦੇ ਹਨ। ਜਦੋਂ ਇੱਕ ਲਾਅ ਕਮਿਸ਼ਨ ਨੇ ਆਪਣੀ ਰਿਪੋਰਟ ਦੇ ਦਿੱਤੀ ਹੈ, ਤਾਂ ਫਿਰ ਦੂਜਾ ਲਾਅ ਕਮਿਸ਼ਨ ਬਣਾ ਕੇ ਨਵੀਂ ਸ਼ੁਰੂਆਤ ਕਰਨੀ ਠੀਕ ਨਹੀਂ ਹੈ। ਪੁਰਾਣੀ ਸਲਾਹ-ਮਸ਼ਵਰੇ ਦੀ ਰਿਪੋਰਟ ਵਿੱਚ ਬਹੁਤ ਸਾਰੀਆਂ ਗੱਲਾਂ ਬਹੁਤ ਚੰਗੀਆਂ ਹਨ ਕਿ ਜੇਕਰ ਕਿਸੇ ਧਰਮ ਵਿੱਚ ਇੱਕ ਗੱਲ ਵਿਰੋਧੀ ਹੈ ਤਾਂ ਉਸ ਵਿੱਚ ਸੋਧ ਕੀਤੀ ਜਾ ਸਕਦੀ ਹੈ। ਕੇਂਦਰ ਨੂੰ ਦੇਸ਼ ਦੀ ਤਾਕਤ ਕਾਇਮ ਰੱਖਣੀ ਚਾਹੀਦੀ ਹੈ।



ਭੁਲੱਥ ਤੋਂ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ - 3 ਕਰੋੜ ਪੰਜਾਬੀਆਂ ਵੱਲੋਂ ਚੁਣੇ ਗਏ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਨੇ ਪੰਜਾਬੀ ਸਟੇਕਹੋਲਡਰਾਂ ਨੂੰ ਭਰੋਸੇ ਵਿੱਚ ਲਏ ਬਿਨਾਂ ਯੂਨੀਫਾਰਮ ਸਿਵਲ ਕੋਡ 'ਤੇ ਭਾਜਪਾ ਦਾ ਸਮਰਥਨ ਕਰਨ ਦਾ ਫੈਸਲਾ ਕਿਉਂ ਲਿਆ ਜੋ ਘੱਟ ਗਿਣਤੀਆਂ ਖਾਸ ਕਰਕੇ ਸਿੱਖਾਂ ਦੇ ਅਧਿਕਾਰਾਂ ਨੂੰ ਲਤਾੜੇਗਾ ? ਮੁੱਖ ਮੰਤਰੀ ਭਗਵੰਤ ਮਾਨ ਵੀ ਸਪਸ਼ਟ ਕਰਨ ਕਿ ਯੂਨੀਫਾਰਮ ਸਿਵਲ ਕੋਡ 'ਤੇ ਉਹਨਾ ਦੀ ਕੀ ਸਟੈਂਡ ਹੈ ?   ਖਹਿਰਾ ਨੇ ਕਿਹਾ ਕਿ ਮੈਂ ਸਾਰੀਆਂ ਘੱਟ ਗਿਣਤੀਆਂ ਨੂੰ ਇਸ ਸਖ਼ਤ ਕਾਨੂੰਨ ਦਾ ਡਟ ਕੇ ਵਿਰੋਧ ਕਰਨ ਦੀ ਅਪੀਲ ਕਰਦਾ ਹਾਂ।