ਚੰਡੀਗੜ੍ਹ: "ਸ਼੍ਰੋਮਣੀ ਅਕਾਲੀ ਦਲ-ਬੀ.ਜੇ.ਪੀ. ਗੱਠਜੋੜ ਅਗਲੀਆਂ ਚੋਣਾਂ 'ਚ 85 ਸੀਟਾਂ ਜਿੱਤੇਗਾ ਤੇ ਆਮ ਆਦਮੀ ਪਾਰਟੀ ਨੂੰ ਸਿਰਫ਼ 10 ਸੀਟਾਂ ਆਉਣਗੀਆਂ। ਸਾਡਾ ਮੁਕਾਬਲਾ ਆਮ ਆਦਮੀ ਪਾਰਟੀ ਨਾਲ ਨਹੀਂ ਕਾਂਗਰਸ ਨਾਲ ਹੈ।" ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇਹ ਗੱਲ ਕਹੀ ਹੈ। ਉਨ੍ਹਾਂ ਅੱਜ ਚੰਡੀਗੜ੍ਹ 'ਚ ਪਟਿਆਲਾ ਕਾਂਗਰਸ ਦੇ ਲੀਡਰ ਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਕਬੀਰ ਦਾਸ ਨੂੰ ਸ਼੍ਰੋਮਣੀ ਅਕਾਲੀ 'ਚ ਸ਼ਾਮਲ ਕੀਤਾ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸੁਖਬੀਰ ਬਾਦਲ ਪ੍ਰੈੱਸ ਕਾਨਫਰੰਸ 'ਚ ਇੱਕ ਘੰਟਾ ਦੇਰੀ ਨਾਲ ਪੁੱਜੇ।
'ਚਿੱਟੇ ਰਾਵਣ' ਦੀ ਸਿਆਸਤ ਬਾਰੇ ਬਾਦਲ ਨੇ ਕਿਹਾ ਕਿ ਦਰਅਸਲ ਕਾਂਗਰਸੀ ਹੀ ਚਿੱਟੇ ਹਨ ਤੇ ਚਿੱਟੀ ਪੱਗ ਬੰਨ੍ਹਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਜਿਸ ਰਾਵਣ 'ਚ ਸਾਨੂੰ ਜਲਾਉਣ ਲੱਗੀ ਸੀ ਅਸੀਂ ਤਾਂ ਉਸ 'ਚ ਵੀ ਨਹੀਂ ਜਲੇ। ਇਸ ਕਰਕੇ ਕਾਂਗਰਸ ਦਾ ਸਭ ਕੁਝ ਫੇਲ੍ਹ ਹੈ। ਉਨ੍ਹਾਂ ਕਿਹਾ ਕਿ ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਚੈਲੰਜ ਕਰਦਾ ਹਾਂ ਕਿ ਉਹ ਆਪਣੀ ਪਿਛਲੀ ਸਰਕਾਰ ਦੇ ਕੋਈ ਪੰਜ ਕੰਮ ਗਿਣਾ ਦੇਵੇ। ਉਨ੍ਹਾਂ ਕਿਹਾ ਕਿ ਕੈਪਟਨ ਕੋਲ ਕੁਝ ਗਿਣਾਉਣ ਜੋਗਾ ਨਹੀਂ, ਇਸ ਲਈ ਉਹ ਚੁੱਪ ਹਨ।
ਉਨ੍ਹਾਂ ਕਿਹਾ ਕਿ ਪੰਜਾਬ 'ਚ ਕੈਪਟਨ ਕਿਸਾਨ ਯਾਤਰਾ ਨਹੀਂ ਝੂਠ ਯਾਤਰਾ ਕਰ ਰਹੇ ਹਨ ਤੇ ਕੈਪਟਨ ਨੇ ਸਾਰੇ ਝੂਠੇ ਲੀਡਰ ਬੱਸ 'ਚ ਚੜ੍ਹਾ ਰੱਖੇ ਹਨ। ਉਨ੍ਹਾਂ ਕਿਹਾ ਕੈਪਟਨ ਦਾ ਕਿਸਾਨੀ ਨਾਲ ਕੋਈ ਲੈਣਾ-ਦੇਣਾ ਨਹੀਂ ਤੇ ਉਨ੍ਹਾਂ ਖ਼ੁਦ ਕਦੇ ਖੇਤੀ ਨਹੀਂ ਕੀਤੀ। ਇਸ ਕਰਕੇ ਕੈਪਟਨ ਕਿਸਾਨੀ ਦੇ ਮਸਲੇ ਹੱਲ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਕਾਂਗਰਸ ਕਰਜ਼ਾ ਖ਼ਤਮ ਕਰਨ ਬਾਰੇ ਵੀ ਝੂਠ ਬੋਲ ਰਹੀ ਹੈ। ਜੇ ਸੱਚਮੁੱਚ ਕਾਂਗਰਸ ਸੱਚੀ ਹੈ ਤਾਂ ਹਿਮਾਚਲ ਪ੍ਰਦੇਸ਼ ਤੇ ਕਰਨਾਟਕ 'ਚ ਕਾਂਗਰਸ ਦੀ ਹੀ ਸਰਕਾਰ ਹੈ। ਉੱਥੇ ਕਿਸਾਨਾਂ ਦਾ ਕਰਜ਼ ਖ਼ਤਮ ਕਿਉਂ ਨਹੀਂ ਕੀਤਾ ਜਾਂਦਾ।
ਪਾਣੀ 'ਚ ਚੱਲਣ ਵਾਲੀ ਬੱਸ ਬਾਰੇ ਉਨ੍ਹਾਂ ਕਿਹਾ ਕਿ ਸਾਡੀ ਬੱਸ ਗੋਆ ਆ ਚੁੱਕੀ ਹੈ ਤੇ ਜਲਦ ਹੀ ਉਹ ਬੱਸ ਪੰਜਾਬ ਦੇ ਹਰੀਕੇ ਪੱਤਣ ਆ ਜਾਵੇਗੀ। ਉਨ੍ਹਾਂ ਕਿਹਾ ਅਕਾਲੀ ਦਲ ਨੇ ਜਿਹੜੇ ਵੀ ਵਾਅਦੇ ਕੀਤੇ ਸਨ, ਉਹ ਸਾਰੇ ਪੂਰੇ ਕੀਤੇ ਹਨ। ਸੁਖਬੀਰ ਨੇ ਕਿਹਾ ਕਿ ਹੁਣ ਵੀ ਅਸੀਂ ਜੋ ਵਾਅਦੇ ਕਰਾਂਗੇ ਉਹ ਪੂਰੇ ਕਰਾਂਗੇ।