ਹਨੂੰਮਾਨਗੜ੍ਹ: ਦੋ ਸਿੱਖ ਭਰਾਵਾਂ ਨੇ ਬਚਾਈ ਇੱਕ ਔਰਤ ਦੀ ਜਾਨ। ਖਬਰ ਰਾਜਸਥਾਨ ਦੇ ਹਨੂੰਮਾਨਗੜ੍ਹ ਤੋਂ ਹੈ। ਇੱਥੇ ਦੋ ਸਕੇ ਭਰਾਵਾਂ ਨੇ ਇੱਕ ਔਰਤ ਨੂੰ ਨਹਿਰ 'ਚ ਡੁੱਬਦੇ ਦੇਖ ਆਪਣੀਆਂ ਪੱਗਾਂ ਉਤਾਰ ਇਨ੍ਹਾਂ ਸਹਾਰੇ ਨਹਿਰ 'ਚ ਉੱਤਰ ਕੇ ਬਚਾ ਲਿਆ। ਹਾਲਾਂਕਿ ਇਸ ਦੌਰਾਨ ਉਨ੍ਹਾਂ ਨੂੰ ਆਪਣੀ ਜਾਨ ਜੋਖਮ 'ਚ ਵੀ ਪਾਉਣੀ ਪਈ। ਨਹਿਰ 'ਚੋਂ ਕੱਢਣ ਤੋਂ ਬਾਅਦ ਉਨ੍ਹਾਂ ਇਸ ਔਰਤ ਨੂੰ ਹਸਪਤਾਲ ਦਾਖਲ ਕਰਵਾਇਆ ਤੇ ਪੁਲਿਸ ਨੂੰ ਵੀ ਜਾਣਕਾਰੀ ਦਿੱਤੀ।

ਸਿੱਖ ਸਰਦਾਰ ਬਹਾਦਰ ਮਾਨ ਸਿੰਘ ਨੇ ਦੱਸਿਆ ਕਿ, "ਮੈਂ ਆਪਣੇ ਨਿੱਕੇ ਭਰਾ ਗੁਰਦੀਪ ਸਿੰਘ ਮਾਨ ਨਾਲ ਕਾਰ 'ਤੇ ਸਵਾਰ ਹੋ ਸਵੇਰੇ ਕਰੀਬ 10.30 ਤੇ ਸੰਤਪੁਰਾ ਤੋਂ ਸੰਗਰੀਆ ਜਾ ਰਹੇ ਸੀ। ਧੀ ਦੇ ਵਿਆਹ ਲਈ ਮੈਰਿਜ ਪੈਲੇਸ ਦੀ ਬੁਕਿੰਗ ਕਰਵਾਉਣੀ ਸੀ। ਜਦ ਅਸੀਂ ਸੰਗਰੀਆ-ਭਗਤਪੁਰਾ ਰੋਡ 'ਤੇ ਸਾਦੁਲ ਬ੍ਰਾਂਚ ਨੇੜੇ ਪਹੁੰਚੇ ਤਾਂ ਦੇਖਿਆ ਕਿ ਇੱਕ ਔਰਤ ਨਹਿਰ 'ਚ ਛਾਲ ਮਾਰਨ ਦੀ ਕੋਸ਼ਿਸ਼ ਕਰ ਰਹੀ ਸੀ। ਅਸੀਂ ਉਸ ਨੂੰ ਆਵਾਜ਼ ਲਾਈ ਪਰ ਉਹ ਨਹੀਂ ਰੁਕੀ ਤੇ ਛਾਲ ਮਾਰ ਦਿੱਤੀ। ਅਸੀਂ ਤੁਰੰਤ ਕਾਰ ਰੋਕੀ ਤੇ ਨਹਿਰ 'ਤੇ ਪਹੁੰਚੇ। ਉਸ ਵੇਲੇ ਔਰਤ ਡੁੱਬ ਰਹੀ ਸੀ। ਸਾਨੂੰ ਸਮਝ ਨਹੀਂ ਆ ਰਿਹਾ ਸੀ ਕਿ ਕੀ ਕਰੀਏ ਪਰ ਔਰਤ ਨੂੰ ਹਰ ਹਾਲ ਬਚਾਉਣਾ ਸੀ। ਪਗੜੀ ਉਤਾਰਨ ਲੱਗੇ ਇੱਕ ਵਾਰ ਤਾਂ ਸੋਚਿਆ ਪਰ ਫਿਰ ਲੱਗਾ ਕਿ ਔਰਤ ਨੂੰ ਬਚਾਉਣਾ ਸਭ ਤੋਂ ਜ਼ਰੂਰੀ ਹੈ।"

"ਛੋਟੇ ਭਰਾ ਗੁਰਦੀਪ ਸਿੰਘ ਮਾਨ ਨੇ ਆਪਣੀ ਪੱਗ ਉਤਾਰੀ ਤੇ ਔਰਤ ਵੱਲ ਸੁੱਟੀ, ਉਸ ਨੇ ਪੱਗ ਫੜ ਲਈ, ਪਰ ਫਿਰ ਉਸ ਦੇ ਹੱਥ 'ਚੋਂ ਪੱਗ ਦਾ ਲੜ ਛੁੱਟ ਗਿਆ। ਇਸ ਦੌਰਾਨ ਕੁਝ ਹੋਰ ਲੋਕ ਨਹਿਰ 'ਤੇ ਆ ਗਏ। ਪੱਗ ਨੂੰ ਸਹਾਰਾ ਬਣਾਉਂਦੇ ਅਸੀਂ ਦੋਵੇਂ ਭਰਾ ਨਹਿਰ 'ਚ ਉੱਤਰ ਗਏ। ਫਿਰ ਅਸੀਂ ਔਰਤ ਨੂੰ ਬਾਹਰ ਕੱਢਣ ਲਈ ਫੜ ਲਿਆ। ਬਾਹਰ ਖੜ੍ਹੇ ਲੋਕਾਂ ਨੇ ਸਾਨੂੰ ਪੱਗ ਸਹਾਰੇ ਬਾਹਰ ਕੱਢ ਲਿਆ। ਇਸ ਤੋਂ ਬਾਅਦ ਅਸੀਂ ਔਰਤ ਨੂੰ ਹਸਪਤਾਲ ਲੈ ਗਏ। ਪੁਲਿਸ ਨੂੰ ਵੀ ਤੁਰੰਤ ਜਾਣਕਾਰੀ ਦੇ ਦਿੱਤੀ ਗਈ ਸੀ।"

ਸਰਦਾਰ ਬਹਾਦਰ ਸਿੰਘ ਮਾਨ ਗੁਰਦੁਆਰਾ ਸਿੰਘ ਸਭਾ, ਹਨੂੰਮਾਨਗੜ੍ਹ ਦੇ ਡਾਇਰੈਕਟਰ ਹਨ ਤੇ ਆਪਣੇ ਛੋਟੇ ਭਰਾ ਗੁਰਦੀਪ ਸਿੰਘ ਮਾਨ ਨਾਲ ਖੇਤੀ ਕਰਦੇ ਹਨ। ਦੋਵੇਂ ਸੰਗਰੀਆ ਦੇ ਸੰਤਪੁਰਾ ਦੇ ਰਹਿਣ ਵਾਲੇ ਹਨ ਤੇ ਸਮਾਜ ਸੇਵਾ ਨਾਲ ਜੁੜੇ ਹੋਏ ਹਨ। ਇਨ੍ਹਾਂ ਦੋ ਸਿੱਖ ਭਰਾਵਾਂ ਵੱਲੋਂ ਇੱਕ ਔਰਤ ਦੀ ਜਾਨ ਬਚਾਏ ਜਾਣ 'ਤੇ ਹਰ ਕੋਈ ਇਹਨਾਂ ਦੀ ਸ਼ਲਾਘਾ ਕਰ ਰਿਹਾ ਹੈ।