ਨਵੀਂ ਦਿੱਲੀ: ਨੈਸ਼ਨਲ ਕਬੱਡੀ ਖਿਡਾਰੀ ਰੋਹਿਤ ਚਿੱਲਰ ਦੀ ਪਤਨੀ ਲਲਿਤਾ ਨੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਹੈ। ਲਲਿਤਾ ਨੇ ਆਪਣੇ ਪਿਤਾ ਦੇ ਘਰ ਖੁਦਕੁਸ਼ੀ ਕੀਤੀ ਹੈ। ਪਤੀ ਨਾਲ ਅਣਬਣ ਤੋਂ ਬਾਅਦ ਉਹ ਪਿਛਲੇ ਮਹੀਨੇ ਤੋਂ ਹੀ ਪੇਕੇ ਘਰ ਰਹਿ ਰਹੀ ਸੀ। ਲਲਿਤਾ ਨੇ ਸੁਸਾਈਡ ਨੋਟ 'ਚ ਆਪਣੇ ਪਤੀ ਤੇ ਸਹੁਰਾ ਪਰਿਵਾਰ 'ਤੇ ਦਹੇਜ ਲਈ ਤੰਗ-ਪ੍ਰੇਸ਼ਾਨ ਕਰਨ ਦੇ ਇਲਜ਼ਾਮ ਲਾਏ ਹਨ। ਹਾਲਾਂਕਿ ਪੁਲਿਸ ਨੇ ਫਿਲਹਾਲ ਇਸ ਮਾਮਲੇ 'ਚ ਕੋਈ ਗ੍ਰਿਫਤਾਰੀ ਨਹੀਂ ਕੀਤੀ।
ਪੁਲਿਸ ਨੂੰ ਕਥਿਤ ਆਡੀਓ ਰਿਕਾਰਡਿੰਗ ਵੀ ਮਿਲੀ ਹੈ ਜਿਸ 'ਚ ਲਲਿਤਾ ਨੇ ਕਈ ਇਲਜ਼ਾਮ ਲਾਏ ਹਨ। ਉਸ ਨੇ ਮਾਰਚ ਮਹੀਨੇ ਹੀ ਰੋਹਿਤ ਨਾਲ ਵਿਆਹ ਕਰਵਾਇਆ ਸੀ। ਲਲਿਤਾ ਦਾ ਇਹ ਦੂਸਰਾ ਵਿਆਹ ਸੀ, ਜਦਕਿ ਪਹਿਲੇ ਪਤੀ ਨਾਲ ਤਲਾਕ ਹੋ ਚੁੱਕਾ ਸੀ। ਰੋਹਿਤ ਸਪੋਰਟਸ ਕੋਟੇ 'ਚ ਨੇਵੀ 'ਚ ਭਰਤੀ ਹੋਇਆ ਸੀ। ਪੁਲਿਸ ਮੁਤਾਬਕ ਘਟਨਾ ਤੋਂ ਬਾਅਦ ਉਸ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਹੈ, ਪਰ ਉਹ ਅਜੇ ਤੱਕ ਘਰ ਨਹੀਂ ਆਇਆ। ਅਜਿਹੇ 'ਚ ਸ਼ੱਕ ਹੋਰ ਵਧ ਗਿਆ।
ਲਲਿਤਾ ਤੇ ਨੈਸ਼ਨਲ ਖਿਡਾਰੀ ਰੋਹਿਤ ਚਿੱਲਰ ਦੀ ਮੁਲਾਕਾਤ 4 ਸਾਲ ਪਹਿਲਾਂ ਕਾਲਜ 'ਚ ਹੋਈ ਸੀ। ਇੱਥੇ ਰੋਹਿਤ ਸਵਿੰਮਿੰਗ ਲਈ ਆਉਂਦਾ ਸੀ। ਦੋਨਾਂ 'ਚ ਦੋਸਤੀ ਹੋਈ ਤੇ ਦੋਸਤੀ ਪਿਆਰ 'ਚ ਬਦਲਣ ਮਗਰੋਂ ਦੋਨਾਂ ਨੇ ਪਰਿਵਾਰ ਦੀ ਮਰਜੀ ਨਾਲ ਵਿਆਹ ਕਰਵਾ ਲਿਆ। ਲਲਿਤਾ ਦੇ ਪਰਿਵਾਰ ਮੁਤਾਬਕ ਪਹਿਲਾਂ ਤਾਂ ਸਭ ਕੁਝ ਠੀਕ ਰਿਹਾ ਪਰ ਥੋੜੇ ਸਮੇਂ ਬਾਅਦ ਹੀ ਉਸ ਨੂੰ ਕਾਰ ਤੇ ਹੋਰ ਦਾਜ ਲਿਆਉਣ ਲਈ ਤੰਗ ਪ੍ਰੇਸ਼ਾਨ ਕੀਤਾ ਜਾਣ ਲੱਗਾ ਸੀ।