ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਠੁਕਰਾਲ ਸਰਕਾਰੀ ਅਧਿਕਾਰੀ ਹਨ, ਇਸ ਲਈ ਉਹ ਆਪਣੇ ਫੇਸਬੁਕ ਪੇਜ ਉੱਤੇ ਸਿਆਸੀ ਖ਼ਬਰਾਂ ਤੇ ਪ੍ਰੈੱਸ ਬਿਆਨਾਂ ਦਾ ਪ੍ਰਚਾਰ ਨਹੀਂ ਕਰ ਸਕਦੇ। ਇਸ ਨੂੰ ਚੋਣ ਜ਼ਾਬਤੇ ਦੀ ਗੰਭੀਰ ਉਲੰਘਣਾ ਕਰਾਰ ਦਿੰਦਿਆਂ ਬਰਾੜ ਨੇ ਇਸ ਤਰ੍ਹਾਂ ਦਾ ਗੈਰਸੰਜੀਦਾ ਵਿਹਾਰ ਕਰਨ ਲਈ ਠੁਕਰਾਲ ਖ਼ਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ।
ਬਰਾੜ ਨੇ ਦੱਸਿਆ ਕਿ ਮੀਡੀਆ ਸਲਾਹਕਾਰ ਸਿਆਸੀ ਗਤੀਵਿਧੀਆਂ ਵਿੱਚ ਵੀ ਹਿੱਸਾ ਲੈ ਰਹੇ ਹਨ ਤੇ ਕਾਂਗਰਸ ਪਾਰਟੀ ਦੇ ਪ੍ਰੈੱਸ ਬਿਆਨ ਵੰਡਣ ਦੇ ਕੰਮ ਦੀ ਵੀ ਦੇਖਰੇਖ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਠੁਕਰਾਲ ਨੂੰ ਅਹੁਦੇ ਤੋਂ ਹਟਾਉਣ ਤੋਂ ਇਲਾਵਾ ਉਨ੍ਹਾਂ ਖ਼ਿਲਾਫ ਜਾਣਬੁੱਝ ਕੇ ਬੁਰੀ ਨੀਅਤ ਨਾਲ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਲਈ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਇਸ ਦੇ ਨਾਲ ਹੀ ਅਕਾਲੀ ਦਲ ਨੇ ਬਠਿੰਡਾ ਦੇ ਡੀਪੀਆਰਓ ਗੁਰਦੀਪ ਮਾਨ ਤੇ ਮਾਨਸਾ ਦੀ ਏਪੀਆਰਓ ਮੇਘਾ ਮਾਨ ਖ਼ਿਲਾਫ ਵੀ ਸ਼ਿਕਾਇਤਾਂ ਦਰਜ ਕਰਵਾਈਆਂ ਹਨ। ਇਨ੍ਹਾਂ ਅਧਿਕਾਰੀਆਂ ਖ਼ਿਲਾਫ ਦਿੱਤੀ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਦੋਵੇਂ ਅਧਿਕਾਰੀ ਬਠਿੰਡਾ ਦੇ ਵਸਨੀਕ ਹਨ। ਇਸ ਲਈ ਚੋਣ ਜ਼ਾਬਤਾ ਲਾਗੂ ਹੋਣ ਮਗਰੋਂ ਦੋਵੇਂ ਅਧਿਕਾਰੀਆਂ ਨੂੰ ਮੌਜੂਦਾ ਅਹੁਦਿਆਂ 'ਤੇ ਤਾਇਨਾਤ ਨਹੀਂ ਰਹਿਣਾ ਚਾਹੀਦਾ ਸੀ। ਦੋਵਾਂ ਅਧਿਕਾਰੀਆਂ ਨੂੰ ਤੁਰੰਤ ਫਾਰਗ ਕਰਨ ਤੇ ਬਠਿੰਡਾ ਤੋਂ ਬਾਹਰ ਤਾਇਨਾਤ ਕਰਨ ਲਈ ਕਿਹਾ ਗਿਆ ਹੈ।