ਆਈਜੀ ਕੁੰਵਰ ਵਿਜੈ ਪ੍ਰਤਾਪ ਦੀ ਵਾਪਸੀ ਲਈ ਚੋਣ ਕਮਿਸ਼ਨ ਕੋਲ ਪਹੁੰਚੇ ਕੋਟਕਪੂਰਾ-ਬਹਿਬਲ ਕਲਾਂ ਗੋਲ਼ੀਕਾਂਡ ਦੇ ਪੀੜਤ ਪਰਿਵਾਰ
ਏਬੀਪੀ ਸਾਂਝਾ | 11 Apr 2019 05:06 PM (IST)
ਬਹਿਬਲ ਕਲਾਂ ਵਿੱਚ ਹੋਈ ਪੁਲਿਸ ਕਾਰਵਾਈ ਵਿੱਚ ਮਾਰੇ ਗਏ ਗੁਰਜੀਤ ਸਿੰਘ ਦੇ ਪਿਤਾ ਸਾਧੂ ਸਿੰਘ ਨੇ ਕਿਹਾ ਕਿ ਆਈਜੀ ਤਫਤੀਸ਼ ਦੇ ਆਖਰੀ ਪੜਾਅ ਤਕ ਪਹੁੰਚ ਚੁੱਕਾ ਸੀ, ਜਿਸ ਕਰਕੇ ਪੀੜਤ ਪਰਿਵਾਰ ਨੂੰ ਇਨਸਾਫ ਹੋਣ ਦੀ ਆਸ ਨੇੜੇ ਲੱਗ ਗਈ ਸੀ।
ਚੰਡੀਗੜ੍ਹ: ਬੇਅਦਬੀ ਤੇ ਗੋਲ਼ੀਕਾਂਡਾਂ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਦੇ ਮੈਂਬਰ ਵਜੋਂ ਫਾਰਗ ਕੀਤੇ ਆਈਜੀ ਕੁੰਵਰ ਵਿਜੈ ਪ੍ਰਤਾਪ ਦੀ ਮੁੜ ਬਹਾਲੀ ਲਈ ਬਹਿਬਲ ਕਲਾਂ ਤੇ ਕੋਟਕਪੂਰਾ ਗੋਲ਼ੀਕਾਂਡ ਦੇ ਪੀੜਤ ਪਰਿਵਾਰਾਂ ਨੇ ਚੋਣ ਕਮਿਸ਼ਨ ਕੋਲ ਪਹੁੰਚ ਕੀਤੀ ਹੈ। ਪੀੜਤ ਪਰਿਵਾਰਾਂ ਨੇ ਚੋਣ ਕਮਿਸ਼ਨ ਨੂੰ ਆਈਜੀ ਨੂੰ ਵਾਪਸ ਤੋਂ ਪੁਰਾਣੇ ਅਹੁਦੇ 'ਤੇ ਲਿਆਉਣ ਦੀ ਮੰਗ ਕੀਤੀ ਹੈ। ਬਹਿਬਲ ਕਲਾਂ ਵਿੱਚ ਹੋਈ ਪੁਲਿਸ ਕਾਰਵਾਈ ਵਿੱਚ ਮਾਰੇ ਗਏ ਗੁਰਜੀਤ ਸਿੰਘ ਦੇ ਪਿਤਾ ਸਾਧੂ ਸਿੰਘ ਨੇ ਕਿਹਾ ਕਿ ਆਈਜੀ ਤਫਤੀਸ਼ ਦੇ ਆਖਰੀ ਪੜਾਅ ਤਕ ਪਹੁੰਚ ਚੁੱਕਾ ਸੀ, ਜਿਸ ਕਰਕੇ ਪੀੜਤ ਪਰਿਵਾਰ ਨੂੰ ਇਨਸਾਫ ਹੋਣ ਦੀ ਆਸ ਨੇੜੇ ਲੱਗ ਗਈ ਸੀ। ਸਾਧੂ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਿਯੁਕਤ ਕੀਤੀ ਗਈ ਐਸਆਈਟੀ ਦੇ ਸਾਰੇ ਅਫ਼ਸਰਾਂ 'ਤੇ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਪਰ ਜੇਕਰ ਆਈਜੀ ਦੀ ਜਗ੍ਹਾ ਕੋਈ ਦੂਜਾ ਅਫਸਰ ਮਾਮਲੇ ਦੀ ਜਾਂਚ ਕਰੇਗਾ ਤਾਂ ਸਮਾਂ ਵੱਧ ਲੱਗੇਗਾ, ਜਿਸ ਕਰਕੇ ਆਈਜੀ ਨੂੰ ਵਾਪਸ ਲਿਆਉਣਾ ਜ਼ਰੂਰੀ ਹੈ। ਕੋਟਕਪੂਰਾ ਗੋਲ਼ੀਕਾਂਡ ਦੇ ਪੀੜਤ ਅਜੀਤ ਸਿੰਘ ਨੇ ਕਿਹਾ ਕਿ ਆਈਜੀ ਕੁੰਵਰ ਵਿਜੈ ਪ੍ਰਤਾਪ ਪਹਿਲੇ ਦਿਨ ਤੋਂ ਮਾਮਲੇ ਦੀ ਗਹਿਰਾਈ ਤਕ ਆਪਣੀ ਤਫਤੀਸ਼ ਲੈ ਕੇ ਪਹੁੰਚ ਚੁੱਕੇ ਸੀ। ਅਜੀਤ ਸਿੰਘ ਨੇ ਦਾਅਵਾ ਕੀਤਾ ਕਿ ਜਿਸ ਪ੍ਰਕਾਰ ਕੁੰਵਰ ਵਿਜੈ ਪ੍ਰਤਾਪ ਦੇ ਹੱਥ ਸਬੂਤ ਸਿਆਸੀ ਲੀਡਰਾਂ ਖ਼ਿਲਾਫ਼ ਸਨ ਜਿਸ ਕਰਕੇ ਸਿਆਸੀ ਦਬਾਅ ਪੈਣ 'ਤੇ ਆਈਜੀ ਦੀ ਬਦਲੀ ਕਰਵਾ ਦਿੱਤੀ ਗਈ।