ਸੰਗਰੂਰ: ਲੋਕ ਸਭਾ ਚੋਣਾਂ 2019 ਵਿੱਚ ਸੰਗਰੂਰ ਤੋਂ ਅਕਾਲੀ ਦਲ ਦੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਲਈ ਉਨ੍ਹਾਂ ਦੇ ਪਿਤਾ ਰਾਜ ਸਭਾ ਮੈਂਬਰ ਤੇ ਪਦਮਸ਼੍ਰੀ ਸੁਖਦੇਵ ਸਿੰਘ ਢੀਂਡਸਾ ਚੋਣ ਪ੍ਰਚਾਰ ਨਹੀਂ ਕਰਨਗੇ। ਪਰਮਿੰਦਰ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ।


ਉਨ੍ਹਾਂ ਕਿਹਾ, "ਸਾਰਾ ਪਰਿਵਾਰ ਕਰੇਗਾ ਚੋਣ ਪ੍ਰਚਾਰ ਪਰ ਪਿਤਾ ਨਹੀਂ, ਉਨ੍ਹਾਂ ਦੀ ਸਿਹਤ ਠੀਕ ਨਹੀਂ ਇਸ ਲਈ, ਮੈਂ ਵੀ ਨਹੀਂ ਚਾਹੁੰਦਾ ਗਰਮੀ ਵਿੱਚ ਪਿਤਾ ਚੋਣ ਪ੍ਰਚਾਰ ਕਰਨ ਤੇ ਉਨ੍ਹਾਂ ਦੀ ਸਿਹਤ ਵਿਗੜੇ।" ਐਸਆਈਟੀ ਦੇ ਕੁੰਵਰ ਵਿਜੈ ਪ੍ਰਤਾਪ ਦੀ ਬਦਲੀ 'ਤੇ ਪਰਮਿੰਦਰ ਨੇ ਕਿਹਾ ਚੋਣ ਕਮਿਸ਼ਨ ਨੂੰ ਸ਼ਿਕਾਇਤ ਸਹੀ ਲੱਗੀ ਤਾਂ ਬਦਲੀ ਕੀਤੀ ਹੈ।

ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਕਾਂਗਰਸ ਨੇ ਦੋ ਸਾਲਾਂ ਵਿੱਚ ਕੁਝ ਨਹੀਂ ਕੀਤਾ ਹੁਣ ਦੋ ਮਹੀਨੇ ਵਿੱਚ ਕੀ ਕਰੇਗੀ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਬਾਅਦ ਜੋ ਮਰਜ਼ੀ ਕਰੇ ਕਾਂਗਰਸ ਕਿਸੇ ਨੇ ਰੋਕਿਆ ਨਹੀਂ, ਐਸਆਈਟੀ ਨੂੰ ਚੋਣ ਮੁੱਦਾ ਬਣਾ ਕੇ ਸਿਰਫ ਵੋਟਰਾਂ ਨੂੰ ਭਰਮਾਇਆ ਜਾ ਰਿਹਾ ਸੀ।

ਜੱਲ੍ਹਿਆਂਵਾਲਾ ਬਾਗ਼ ਸਾਕੇ 'ਤੇ ਬ੍ਰਿਟਿਸ਼ ਸਰਕਾਰ ਵੱਲੋਂ ਮੁਆਫ਼ੀ ਨਾ ਮੰਗਣ 'ਤੇ ਢੀਂਡਸਾ ਨੇ ਕਿਹਾ ਮੁੱਦੇ 'ਤੇ ਮਾਫੀ ਮੰਗੇ ਬ੍ਰਿਟਿਸ਼ ਸਰਕਾਰ, ਮਾਫੀ ਮੰਗਣ ਨਾਲ ਬ੍ਰਿਟਿਸ਼ ਸਰਕਾਰ ਦਾ ਕੱਦ ਹੀ ਉੱਚਾ ਹੋਵੇਗਾ। ਉਨ੍ਹਾਂ ਮੋਦੀ ਸਰਕਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਰਕਾਰ ਨੇ ਪਾਕਿ ਉਤੇ ਦਬਾਅ ਬਣਾਇਆ ਹੈ ਕਿ ਭਾਰਤ ਇੱਟ ਦਾ ਜਵਾਬ ਪੱਥਰ ਨਾਲ ਦੇਵੇਗਾ, ਇਸ ਲਈ ਉਹ ਸ਼ਾਂਤੀ ਵਾਰਤਾ ਲਈ ਤਿਆਰ ਹਨ।