ਚੰਡੀਗੜ੍ਹ: ਲੋਕ ਸਭਾ ਚੋਣਾਂ 2019 ਲਈ ਚੰਡੀਗੜ੍ਹ ਸੀਟ ਤੋਂ ਟਿਕਟ ਨਾ ਮਿਲਣ 'ਤੇ ਨਵਜੋਤ ਕੌਰ ਸਿੱਧੂ ਨੂੰ ਬਠਿੰਡਾ ਜਾਂ ਅਨੰਦਪੁਰ ਸਾਹਿਬ ਹਲਕੇ ਵਿੱਚ ਭੇਜਣ ਦੀਆਂ ਚਰਚਾਵਾਂ 'ਤੇ ਨਵਜੋਤ ਸਿੱਧੂ ਨੇ ਠੋਕਵਾਂ ਜਵਾਬ ਦੇ ਦਿੱਤਾ। ਸਿੱਧੂ ਨੇ ਸਵਾਲ ਚੁੱਕਦਿਆਂ ਕਿਹਾ ਕਿ ਉਨ੍ਹਾਂ ਦੀ ਪਤਨੀ ਕਿਹੜਾ ਕੋਈ ਸਟਿੱਪਨੀ ਹੈ, ਜਿੱਥੇ ਚਾਹੋ ਫਿੱਟ ਕਰ ਦਓ। ਉਨ੍ਹਾਂ ਸਾਫ ਕੀਤਾ ਕਿ ਡਾ. ਨਵਜੋਤ ਕੌਰ ਸਿੱਧੂ ਬਠਿੰਡਾ ਜਾਂ ਅਨੰਦਪੁਰ ਸਾਹਿਬ ਤੋਂ ਚੋਣ ਨਹੀਂ ਲੜੇਗੀ।


ਸਿੱਧੂ ਨੇ ਕਿਹਾ ਕਿ ਬਠਿੰਡਾ ਵਿੱਚ ਹਰਸਿਮਰਤ ਕੌਰ ਬਾਦਲ ਨੂੰ ਕੈਪਟਨ ਅਮਰਿੰਦਰ ਸਿੰਘ ਖ਼ੁਦ ਚੁਣੌਤੀ ਦੇਣ। ਬਠਿੰਡਾ ਤੋਂ ਹਰਸਿਮਰਤ ਨੂੰ ਕੋਈ ਚੁਨੌਤੀ ਦੇ ਸਕਦਾ ਹੈ ਤਾਂ ਉਹ ਮੁੱਖ ਮੰਤਰੀ ਹੀ ਹਨ। ਕੈਪਟਨ ਤੇ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ਤਲਵੰਡੀ ਤੇ ਬਠਿੰਡਾ ਤੋਂ ਚੋਣ ਵੀ ਲੜ ਚੁੱਕੇ ਹਨ ਤੇ ਉਨ੍ਹਾਂ ਦਾ ਪ੍ਰਦਰਸ਼ਨ ਵੀ ਠੀਕ ਸੀ। ਅਜਿਹੇ ਵਿੱਚ ਉਹ ਬਠਿੰਡਾ ਤੋਂ ਕਾਂਗਰਸ ਦਾ ਮਜ਼ਬੂਤ ਉਮੀਦਵਾਰ ਸਾਬਤ ਹੋ ਸਕਦੇ ਹਨ।

ਨਵਜੋਤ ਸਿੱਧੂ ਨੇ ਕਿਹਾ ਕਿ ਉਹ ਦੋ ਮੂੰਹੀ ਸਿਆਸਤ ਨਹੀਂ ਕਰ ਸਕਦੇ, ਜੋ ਉਨ੍ਹਾਂ ਦੇ ਅੰਦਰ ਹੈ, ਉਹੀ ਬਾਹਰ ਹੈ। ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀ ਪਤਨੀ ਚੰਡੀਗੜ੍ਹ ਤੋਂ ਮਜ਼ਬੂਤ ਉਮੀਦਵਾਰ ਹੋ ਸਕਦੀ ਸੀ, ਪਰ ਬਾਹਰੀ ਕਰਾਰ ਦੇ ਕੇ ਟਿਕਟ ਨਹੀਂ ਦਿੱਤੀ ਗਈ। ਅਜਿਹੇ ਵਿੱਚ ਉਹ ਅੰਮ੍ਰਿਤਸਰ ਤੋਂ ਇਲਾਵਾ ਕਿਤੋਂ ਹੋਰ ਚੋਣ ਨਹੀਂ ਲੜ ਸਕਦੀ ਕਿਉਂਕਿ ਉਹ ਉੱਥੋਂ ਦੀ ਹੀ ਵਸਨੀਕ ਹੈ।