ਮਾਨਸਾ: ਇੱਥੋਂ ਦੀ ਅਦਾਲਤ ਨੇ ਚਾਰ ਸਾਲ ਪੁਰਾਣੇ ਪ੍ਰੇਮ ਵਿਆਹ ਕਰਵਾਉਣ ਉਪਰੰਤ ਆਪਣੀ ਝੂਠੀ ਅਣਖ ਖਾਤਰ ਗਰਭਵਤੀ ਮੁਟਿਆਰ ਦੇ ਕਤਲ ਮਾਮਲੇ ਵਿੱਚ ਉਸ ਦੇ ਮਮੇਰੇ ਭਰਾ ਨੂੰ ਮੌਤ ਦੀ ਸਜ਼ਾ ਦੇ ਹੁਕਮ ਦਿੱਤੇ ਹਨ। ਅਦਾਲਤ ਨੇ ਇਸ ਮਾਮਲੇ ਵਿੱਚ ਤਿੰਨ ਹੋਰਾਂ ਨੂੰ ਬਰੀ ਕਰ ਦਿੱਤਾ ਹੈ, ਜਿਸ ਵਿੱਚੋਂ ਇੱਕ ਵਿਅਕਤੀ ਦੀ ਮੌਤ ਵੀ ਹੋ ਚੁੱਕੀ ਹੈ।

ਸੈਸ਼ਨ ਜੱਜ ਮਨਦੀਪ ਕੌਰ ਨੇ ਮੱਖਣ ਸਿੰਘ ਨੂੰ ਸਿਮਰਜੀਤ ਕੌਰ ਦੇ ਕਤਲ ਮਾਮਲੇ ਵਿੱਚ ਦੋਸ਼ੀ ਕਰਾਰ ਦਿੰਦਿਆਂ ਫਾਂਸੀ ਦੀ ਸਜ਼ਾ ਸੁਣਾਈ ਹੈ। ਮੱਖਣ ਸਿੰਘ ਨੇ ਸਿਮਰਜੀਤ ਕੌਰ ਤੇ ਉਸ ਦੇ ਪਤੀ ਗੁਰਪਿਆਰ ਸਿੰਘ 'ਤੇ ਕਾਤਲਾਨਾ ਹਮਲਾ ਕੀਤਾ ਸੀ, ਜਿਸ ਵਿੱਚ ਸਿਮਰਜੀਤ ਕੌਰ ਦੀ ਮੌਤ ਹੋ ਗਈ ਸੀ। ਉਹ ਤਿੰਨ ਮਹੀਨਿਆਂ ਦੀ ਗਰਭਵਤੀ ਵੀ ਸੀ, ਜਿਸ ਕਾਰਨ ਅਦਾਲਤ ਨੇ ਉਸ ਨੂੰ ਸਖ਼ਤ ਸਜ਼ਾ ਸੁਣਾਈ ਹੈ।

ਅਦਾਲਤ ਨੇ ਉਸ ਦੇ ਮ੍ਰਿਤਕਾ ਦੇ ਸਕੇ ਭਰਾ ਸਮੇਤ ਦੋ ਹੋਰਾਂ ਨੂੰ ਬਰੀ ਕਰ ਦਿੱਤਾ। ਮਾਮਲੇ ਦੀ ਪੈਰਵੀ ਦੌਰਾਨ ਸਾਹਮਣੇ ਆਇਆ ਕਿ ਅਧਿਆਪਕਾ ਸਿਮਰਜੀਤ ਕੌਰ 15 ਅਪਰੈਲ 2015 ਨੂੰ ਜਦ ਆਪਣੇ ਪਤੀ ਨਾਲ ਸਕੂਲ ਜਾ ਰਹੀ ਸੀ ਤਾਂ ਉਸ ਦੇ ਮਾਮੇ ਦੇ ਪੁੱਤ ਮੱਖਣ ਸਿੰਘ ਨੇ ਦੋਵਾਂ 'ਤੇ ਗੋਲ਼ੀਆਂ ਚਲਾਈਆਂ ਸੀ। ਬਾਕੀ ਮੁਲਜ਼ਮ ਉਸ ਦੇ ਨਾਲ ਕਾਰ ਵਿੱਚ ਮੌਜੂਦ ਸਨ। ਹਾਲਾਂਕਿ, ਗੁਰਪਿਆਰ ਸਿੰਘ ਇਸ ਨਿਆਂ ਨੂੰ ਅਧੂਰਾ ਮੰਨਦਾ ਹੈ ਤੇ ਉਹ ਸਾਰੇ ਮੁਲਜ਼ਮਾਂ ਨੂੰ ਸਜ਼ਾ ਦਿਵਾਉਣ ਲਈ ਹਾਈਕੋਰਟ ਤਕ ਪਹੁੰਚ ਵੀ ਕਰੇਗਾ।