ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਵੋਟਰਾਂ ਤੱਕ ਪਹੁੰਚਣ ਲਈ ਨਵਾਂ ਢੰਗ ਲੱਭਿਆ ਹੈ। ਉਹ ਵੋਟਰਾਂ ਨੂੰ ਚਿੱਠੀਆਂ ਪਾਉਣਗੇ। ਇਹ ਚਿੱਠੀਆਂ ਉਨ੍ਹਾਂ ਦੇ ਵਲੰਟੀਅਰ ਘਰ-ਘਰ ਲੈ ਕੇ ਜਾਣਗੇ। ਦਰਅਸਲ ਪੰਜਾਬ ਦੇ ਲੋਕਾਂ ਨਾਲ ਸਿੱਧਾ ਸੰਵਾਦ ਕਰਦੇ ਹੋਏ ਭਗਵੰਤ ਮਾਨ ਨੇ ਇੱਕ ਪੱਤਰ ਲਿਖਿਆ ਹੈ। ਆਮ ਆਦਮੀ ਪਾਰਟੀ ਹੁਣ ਇਸ ਪੱਤਰ ਰਾਹੀਂ ਪੰਜਾਬ ਦੇ ਹਰ ਘਰ ਵਿੱਚ ਦਸਤਕ ਦੇਣ ਜਾ ਰਹੀ ਹੈ।

ਇਸ ਰਣਨੀਤੀ ਬਾਰੇ ਆਮ ਆਦਮੀ ਪਾਰਟੀ ਦੇ ਪ੍ਰਚਾਰ ਕਮੇਟੀ ਦੇ ਚੇਅਰਮੈਨ ਤੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਸਾਰੇ 13 ਲੋਕ ਸਭਾ ਖੇਤਰਾਂ ਵਿੱਚ ਵਲੰਟੀਅਰਾਂ ਦੀਆਂ ਟੀਮਾਂ ਬਣਾਈਆਂ ਜਾ ਰਹੀਆਂ ਹਨ। ਹਰ ਲੋਕ ਸਭਾ ਵਿੱਚ 1000 ਵਲੰਟੀਅਰਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ। ਇਹ ਵਲੰਟੀਅਰ ਭਗਵੰਤ ਮਾਨ ਦੇ ਪੱਤਰ ਰਾਹੀਂ ਘਰ-ਘਰ ਵਿੱਚ ਦਸਤਕ ਦੇਣਗੇ। ਪੱਤਰ ਨੂੰ ਘਰ-ਘਰ ਤੱਕ ਪੰਹੁਚਾਣਾ ਹੀ ਮਕਸਦ ਨਹੀਂ ਸਗੋਂ ਇਸ ਰਾਹੀਂ ਪਾਰਟੀ ਲੋਕਾਂ ਨਾਲ ਸੰਵਾਦ ਸਥਾਪਤ ਕਰੇਗੀ।

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਭਗਵੰਤ ਮਾਨ ਦੀ ਚਿੱਠੀ ਘਰ-ਘਰ ਤੱਕ ਪਹੁੰਚੇ, ਇਸ ਦੀ ਮਾਨੀਟਰਿੰਗ ਵੀ ਲੋਕ ਸਭਾ ਪੱਧਰ ਉੱਤੇ ਕੀਤੀ ਜਾਵੇਗੀ, ਨਾਲ ਹੀ ਲੋਕਾਂ ਦੇ ਫੀਡਬੈਕ ਲਈ ਅਲੱਗ ਤੋਂ ਟੀਮਾਂ ਬਣਾਈ ਗਈਆਂ ਹਨ। ਅਰੋੜਾ ਨੇ ਦੱਸਿਆ ਕਿ ਭਗਵੰਤ ਮਾਨ ਦੀ ਚਿੱਠੀ ਲੈ ਕੇ ਘਰ-ਘਰ ਜਾਣ ਵਾਲੇ ਵਲੰਟੀਅਰ ਲੋਕਾਂ ਨੂੰ ਇਹ ਅਪੀਲ ਕਰਨਗੇ ਕਿ ਉਹ ਵੀ ਭਗਵੰਤ ਮਾਨ ਦੇ ਨਾਮ ਚਿੱਠੀ ਲਿਖ ਕੇ ਆਪਣੀਆਂ ਗੱਲਾਂ ਸਾਂਝੀਆਂ ਕਰੋ। ਭਗਵੰਤ ਮਾਨ ਦੇ ਨਾਮ ਲਿਖੀਆਂ ਗਈਆਂ ਲੋਕਾਂ ਦੀਆਂ ਚਿੱਠੀਆਂ ਨੂੰ ਵੀ ਵਲੰਟੀਅਰਾਂ ਦੀ ਮਦਦ ਨਾਲ ਇਕੱਠਾ ਕੀਤਾ ਜਾਵੇਗਾ।