ਸਾਲ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਹਰਸਿਮਰਤ ਬਾਦਲ ਔਖਿਆਂ ਹੀ ਜਿੱਤੀ ਸੀ ਤੇ ਹੁਣ ਬਾਦਲਾਂ ਦੇ ਜੱਦੀ ਹਲਕੇ ਬਠਿੰਡਾ ਨੂੰ ਡੱਕਣ ਲਈ ਕਾਂਗਰਸ ਨੇ ਦੋ ਵਿਕਲਪ ਰੱਖੇ ਹੋਏ ਹਨ। ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਜਾਂ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਕਾਂਗਰਸ ਦੀ ਬਠਿੰਡਾ ਵਿੱਚੋਂ ਬੇੜੀ ਪਾਰ ਲਾ ਸਕਦੇ ਹਨ। ਪਾਰਟੀ ਦੋਵਾਂ ਨਾਵਾਂ 'ਤੇ ਵਿਚਾਰ ਕਰ ਰਹੀ ਹੈ। ਹਾਲਾਂਕਿ, ਨਵਜੋਤ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੂੰ ਪਾਰਟੀ ਨੇ ਚੰਡੀਗੜ੍ਹ ਦੀ ਬਜਾਏ ਬਠਿੰਡਾ ਤੋਂ ਚੋਣ ਲੜਨ ਦੀ ਪੇਸ਼ਕਸ਼ ਕੀਤੀ ਸੀ, ਪਰ ਉਨ੍ਹਾਂ ਹਾਮੀ ਨਹੀਂ ਭਰੀ। ਅੱਜ ਦਿੱਲੀ ਵਿੱਚ ਪੰਜਾਬ ਦੀਆਂ ਬਾਕੀ ਚਾਰ ਸੀਟਾਂ ਦੇ ਐਲਾਨ ਨਾਲ ਬਠਿੰਡਾ ਤੋਂ ਵੀ ਉਮੀਦਵਾਰ ਦੇ ਨਾਂ ਦਾ ਐਲਾਨ ਸੰਭਵ ਹੈ। ਕਾਂਗਰਸ ਦੀ ਬੈਠਕ ਕਾਰਨ ਅਕਾਲੀ ਦਲ ਨੇ ਵੀ ਆਪਣੇ ਬਾਕੀ ਤਿੰਨ ਉਮੀਦਵਾਰ ਨਹੀਂ ਐਲਾਨੇ।
ਉੱਧਰ, ਬੁੱਧਵਾਰ ਨੂੰ 'ਆਪ' ਲੀਡਰਾਂ ਦੀ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ਹੋਈ ਬੈਠਕ ਹੋਈ ਤੇ ਬਠਿੰਡਾ ਤੋਂ ਪਾਰਟੀ ਦੇ ਉਮੀਦਵਾਰ ਦੀ ਸਹਿਮਤੀ ਬਣ ਗਈ ਹੈ। 'ਆਪ' ਤਲਵੰਡੀ ਸਾਬੋ ਤੋਂ ਆਪਣੀ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੂੰ ਬਠਿੰਡਾ ਤੋਂ ਉਮੀਦਵਾਰ ਵਜੋਂ ਉਤਾਰ ਸਕਦੀ ਹੈ। ਸਾਲ 2014 ਨੂੰ ਤਲਵੰਡੀ ਸਾਬੋ ਜ਼ਿਮਨੀ ਚੋਣ 'ਚ ਬਲਜਿੰਦਰ ਕੌਰ ਨੂੰ ਬੇਸ਼ੱਕ 13,899 ਵੋਟਾਂ ਪਈਆਂ ਸਨ, ਪਰ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਲਗਾਤਾਰ ਚਾਰ ਵਾਰ ਵਿਧਾਇਕ ਰਹੇ ਜੀਤ ਮਹਿੰਦਰ ਸਿੱਧੂ ਨੂੰ ਵੀ ਮਾਤ ਦੇ ਦਿੱਤੀ ਸੀ।