ਹੁਸ਼ਿਆਰਪੁਰ: ਚੀਫ ਜੂਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਨੇ ਹੁਸ਼ਿਆਰਪੁਰ ਦੇ ਪ੍ਰਸਿੱਧ ਧੋਖਾਧੜੀ ਮਾਮਲੇ ‘ਚ ਐਕਟਰ ਸੁਰਵੀਨ ਚਾਵਲਾ ਤੇ ਉਸ ਦੇ ਪਤੀ ਅਕਸ਼ੈ ਠੱਕਰ ਤੇ ਮਨਵਿੰਦਰ ਸਿੰਘ ਨੂੰ ਦੋ ਮਈ ਨੂੰ ਪੇਸ਼ ਹੋਣ ਦੇ ਆਦੇਸ਼ ਦਿੱਤੇ ਹਨ।


ਸੁਰਵੀਨ ਤੇ ਉਸ ਦੇ ਪਤੀ ਖਿਲਾਫ 40 ਲੱਖ ਰੁਪਏ ਦੀ ਠੱਗੀ ਦਾ ਮਾਮਲਾ ਥਾਣਾ ਸਿਟੀ ‘ਚ ਕਰਵਾਇਆ ਗਿਆ ਸੀ। ਸੁਰਵੀਨ ਨੇ ਡੀਜੀਪੀ ਪੰਜਾਬ ਨੂੰ ਅਪੀਲ ਕੀਤੀ ਸੀ ਕਿ ਉਸ ਖਿਲਾਫ ਗਲਤ ਕੇਸ ਦਰਜ ਕੀਤਾ ਗਿਆ ਹੈ। ਉਸ ਦੀ ਜਾਂਚ ਕੀਤੀ ਜਾਵੇ। ਪੁਲਿਸ ਨੇ ਆਪਣੀ ਜਾਂਚ ‘ਚ ਦੋਵਾਂ ਨੂੰ ਕਲੀਨ ਚਿੱਟ ਦੇ ਦਿੱਤੀ ਸੀ।

ਪੁਲਿਸ ਦੀ ਜਾਂਚ ਤੋਂ ਅਸੰਤੁਸ਼ਟ ਸੱਤਿਆਪਾਲ ਗੁਪਤਾ ਨੇ ਫੇਰ ਤੋਂ ਕੋਰਟ ‘ਚ ਅਪੀਲ ਕੀਤੀ ਹੈ। ਅਦਾਲਤ ਨੇ ਸੁਰਵੀਨ ਤੇ ਅਕਸ਼ੈ ਨੂੰ ਦੋ ਮਈ ਨੂੰ ਅਦਾਲਤ ‘ਚ ਪੇਸ਼ ਹੋਣ ਦੇ ਆਦੇਸ਼ ਦਿੱਤੇ ਹਨ। ਸੁਰਵੀਨ ਤੇ ਅਕਸ਼ੈ ‘ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ 2014 ‘ਚ ਫ਼ਿਲਮ ਬਣਾਉਣ ਲਈ ਸੱਤਿਆਪਾਲ ਤੋਂ 51 ਲੱਖ ਰੁਪਏ ਨਿਵੇਸ਼ ਕਰਨ ਨੂੰ ਕਿਹਾ ਸੀ।

ਕਿਸੇ ਤਕਨੀਕੀ ਕਾਰਨ ਕਰਕੇ 11 ਲੱਖ ਰੁਪਏ ਸੁਰਵੀਨ ਦੇ ਅਕਾਉਂਟ ‘ਚ ਨਹੀਂ ਗਏ। ਦੋਵਾਂ ਨੇ ਸੱਤਿਆਪਾਲ ਨੂੰ ਯਕੀਨ ਦੁਆਇਆ ਸੀ ਕਿ 40 ਲੱਖ ਦੇ ਬਦਲੇ ਉਸ ਨੂੰ 70 ਲੱਖ ਰੁਪਏ ਦਿੱਤੇ ਜਾਣਗੇ ਪਰ ਉਸ ਨੂੰ ਇੱਕ ਪੈਸਾ ਵੀ ਨਹੀ ਮਿਲਿਆ।