Punjab News: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਰੋਧੀਆਂ ਬਾਬਤ ਦਿੱਤੇ ਦਿੱਤੇ ਗਏ ਬਿਆਨ (ਵਿਰੋਧੀਆਂ ਦਾ ਪੰਜਾਬ ਨੂੰ ਫ਼ਿਰਕੂ ਅੱਗ ਦਾ ਤੰਦੂਰ ਬਣਾ ਕੇ ਆਪਣੀਆਂ ਰੋਟੀਆਂ ਸੇਕਣ ਦਾ ਸੁਪਨਾ ਕਦੇ ਪੂਰਾ ਨਹੀਂ ਹੋਣ ਦਿੱਤਾ ਜਾਵੇਗਾ) ਤੋਂ ਬਾਅਦ ਵਿਰੋਧੀ ਇੱਕਸਾਰ ਹੀ ਮਾਨ ਦੇ ਦੁਆਲੇ ਹੋ ਗਏ ਹਨ। ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਵੱਲੋਂ ਜਵਾਬੀ ਹਮਲੇ ਕੀਤੇ ਗਏ ਹਨ।


ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ, "ਦੁੱਖ ਤਾਂ ਇਹੋ ਹੈ ਕਿ ਮੁਖਮੰਤਰੀ ਨੂੰ ਸਭ ਪਤਾ ਹੁੰਦਿਆਂ ਵੀ ਉਹ ਆਪ ਸੂਬੇ ਨੂੰ ਅੱਗ ਵਿੱਚ ਝੋਕ ਰਿਹਾ ਹੈ। ਇਹ ਸ਼ੇਖੀਆਂ ਮਾਰਨ ਨਾਲੋਂ ਜੋ ਬਣਦੀ ਕਾਰਵਾਈ ਹੈ ਉਹ ਕਰੋ ਕਿਉਂਕਿ ਸਭ ਕੁੱਝ ਅੱਖੀਂ ਵੇਖਣ ਤੋਂ ਬਾਅਦ ਪੰਜਾਬੀਆਂ ਨੂੰ ਹੁਣ ਦਿੱਲੀ ਤੋਂ ਰਿਮੋਟ ਨਾਲ ਚਲਦੀ ਸਰਕਾਰ 'ਤੇ ਭਰੋਸਾ ਨਹੀਂ ਰਿਹਾ।"






ਇਸ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਤੇ ਪਠਾਨਕੋਟ ਤੋਂ ਵਿਧਾਇਕ ਅਸ਼ਵਨੀ ਸ਼ਰਮਾ ਨੇ ਕਿਹਾ, "ਭਗਵੰਤ ਮਾਨ ਜੀ ਪੰਜਾਬ 'ਚ ਸਰਕਾਰ ਤੁਹਾਡੀ ਹੈ ਤੇ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੋ ਇਸ ਕਰਕੇ ਜਵਾਬਦੇਹੀ ਤੁਹਾਡੀ ਬਣਦੀ ਹੈ।  ਦੱਸੋ ਕਦੋਂ ਤੱਕ ਪੰਜਾਬ 'ਚ ਕਤਲ ਹੁੰਦੇ ਰਹਿਣਗੇ ,ਕਦੋਂ ਤੱਕ ਨਸ਼ਿਆਂ ਦੇ ਕਾਰਨ ਮਾਵਾਂ ਦੇ ਪੁੱਤ ਮਰਦੇ ਰਹਿਣਗੇ। ਜੇਕਰ ਪਲ ਪਲ ਦੀ ਖ਼ਬਰ ਹੈ ਤੁਹਾਨੂੰ ਤਾਂ ਫ਼ਿਰ ਅਜਨਾਲਾ ਦੇ ਥਾਣੇ ਦੇ ਕਬਜ਼ੇ ਦੀ ਵੀ ਖ਼ਬਰ ਹੋਏਗੀ?"







ਜੇ ਗੱਲ ਕਾਂਗਰਸ ਦੀ ਕੀਤੀ ਜਾਵੇ ਤਾਂ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੀਐਮ ਮਾਨ ਨੂੰ ਕਿਹਾ ਕਿ ਸ਼ੇਖੀ ਮਾਰਨ ਦੇ ਨਾਲ-ਨਾਲ ਕਾਰਵਾਈ ਵੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦੇ ਸੱਟਾਂ ਮਾਰਨ ਵਾਲਿਆਂ 'ਤੇ ਕਾਰਵਾਈ ਕਰਨੀ ਪਵੇਗੀ। 


ਕੀ ਹੈ ਪੂਰਾ ਮਾਮਲਾ 


ਜ਼ਿਕਰ ਕਰ ਦਈਏ ਕਿ ਬੀਤੇ ਦਿਨੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਟਵੀਟ ਕੀਤਾ ਸੀ ਕਿ ਪੰਜਾਬ ਦੀ ਮੇਰੇ ਕੋਲ ਪਲ ਪਲ ਦੀ ਜਾਣਕਾਰੀ ਹੈ..ਵਿਰੋਧੀਆਂ ਦਾ ਪੰਜਾਬ ਨੂੰ ਫ਼ਿਰਕੂ ਅੱਗ ਦਾ ਤੰਦੂਰ ਬਣਾ ਕੇ ਆਪਣੀਆਂ ਰੋਟੀਆਂ ਸੇਕਣ ਦਾ ਸੁਪਨਾ ਕਦੇ ਪੂਰਾ ਨਹੀਂ ਹੋਣ ਦਿੱਤਾ ਜਾਵੇਗਾ.. ਪੰਜਾਬ ਦੇ 3 ਕਰੋੜ ਸ਼ਾਂਤੀ ਪਸੰਦ ਲੋਕਾਂ ਨੂੰ ਮੈਂ ਯਕੀਨ ਦਿਵਾਉਂਦਾ ਹਾਂ ਕਿ ਕਿਸੇ ਦੀ ਹਿੰਮਤ ਨਹੀਂ ਕਿ ਪੰਜਾਬ ਦੇ ਆਪਸੀ ਭਾਈਚਾਰੇ ਵੱਲ ਬੁਰੀ ਨਜ਼ਰ ਨਾਲ ਦੇਖੇ.."






ਮੁੱਖ ਮੰਤਰੀ ਦੇ ਇਸ ਬਿਆਨ ਤੋਂ ਬਾਅਦ ਵਿਰੋਧੀ ਧਿਰਾਂ ਨੇ ਜਮ ਕੇ ਆਮ ਆਦਮੀ ਪਾਰਟੀ ਤੇ ਖ਼ਾਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਨਿਸ਼ਾਨੇ ਸਾਧੇ ਹਨ।