ਚੰਡੀਗੜ੍ਹ: ਪੁਲਵਾਮਾ ਫਿਦਾਈਨ ਹਮਲੇ 'ਤੇ 40 ਜਵਾਨਾਂ ਦੀ ਜਾਨ ਜਾਣ ਮਗਰੋਂ ਸੁਖਪਾਲ ਖਹਿਰਾ ਦੇ ਬਿਆਨ 'ਤੇ ਅਕਾਲੀ ਦਲ ਨੇ ਸਖ਼ਤ ਇਤਰਾਜ਼ ਜਤਾਇਆ ਹੈ। ਅਕਾਲੀ ਦਲ ਨੇ ਹਥਿਆਰਬੰਦ ਦਸਤਿਆਂ ਦਾ ਮਨੋਬਲ ਡੇਗਣ ਵਾਲੀ ਬਿਆਨਬਾਜ਼ੀ ਕਰਨ 'ਤੇ ਸੁਖਪਾਲ ਖਹਿਰਾ ਖ਼ਿਲਾਫ ਦੇਸ਼ਧ੍ਰੋਹ ਦਾ ਕੇਸ ਦਰਜ ਕਰਨ ਤੇ ਤੁਰੰਤ ਗ੍ਰਿਫ਼ਤਾਰੀ ਕਰਨ ਦੀ ਮੰਗ ਕੀਤੀ ਹੈ।
ਪ੍ਰੈਸ ਬਿਆਨ ਜਾਰੀ ਕਰਦਿਆਂ ਪਾਰਟੀ ਦੇ ਬੁਲਾਰੇ ਕਰਨਲ ਸੀ.ਡੀ. ਸਿੰਘ ਕੰਬੋਜ ਨੇ ਕਿਹਾ ਕਿ ਸੁਖਪਾਲ ਖਹਿਰਾ ਖ਼ਿਲਾਫ਼ ਪਾਕਿਸਤਾਨੀ ਏਜੰਸੀ ਆਈਐਸਆਈ ਦਾ ਪਿਆਦਾ ਬਣਨ ਤੇ ਦੇਸ਼ ਅੰਦਰ ਦੁਸ਼ਮਣ ਦਾ ਕੂੜ-ਪ੍ਰਚਾਰ ਕਰਨ ਲਈ ਸੈਕਸ਼ਨ 124 (ਏ ) ਤਹਿਤ ਕੇਸ ਦਰਜ ਕੀਤਾ ਜਾਵੇ। ਕਰਨਲ ਕੰਬੋਜ ਨੇ ਕਿਹਾ ਕਿ ਖਹਿਰਾ ਨੇ ਫ਼ੌਜੀ ਜਵਾਨਾਂ ਵਿਰੁੱਧ ਘਿਣਾਉਣੇ ਦੋਸ਼ ਲਾ ਕੇ ਉਨ੍ਹਾਂ ਦਾ ਅਪਮਾਨ ਕੀਤਾ ਹੈ।
ਇਹ ਵੀ ਪੜ੍ਹੋ: ਪੁਲਵਾਮਾ ਹਮਲੇ ਬਾਰੇ ਸਿੱਧੂ ਮਗਰੋਂ ਖਹਿਰਾ ਨੇ ਛੇੜਿਆ ਵਿਵਾਦ
ਉਨ੍ਹਾਂ ਕਿਹਾ ਕਿ ਖਹਿਰਾ ਨੇ ਪਾਕਿਸਤਾਨ ਦੀ ਆਈਐਸਆਈ ਨਾਲ ਮਿਲ ਗਿਆ ਹੈ ਅਤੇ ਉਨ੍ਹਾਂ ਵੱਲੋਂ ਕਸ਼ਮੀਰ ਵਿਚ ਭਾਰਤੀ ਫੌਜ ਉਤੇ ਬਲਾਤਕਾਰ ਦੇ ਲਾਏ ਝੂਠੇ ਦੋਸ਼ਾਂ ਨੂੰ ਦੁਹਰਾ ਕੇ ਪਾਕਿਸਤਾਨ ਦਾ ਬੁਲਾਰਾ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਭਾਰਤੀ ਫ਼ੌਜ ਦੁਨੀਆਂ ਦੀ ਸਭ ਤੋਂ ਵੱਧ ਅਨੁਸਾਸ਼ਨਬੱਧ ਫ਼ੌਜ ਹੈ। ਅਤੇ ਇਸ ਨੇ ਹਮੇਸ਼ਾ ਦੀ ਸਥਾਨਕ ਲੋਕਾਂ ਦੇ ਹਿੱਤਾਂ ਦੀ ਰਾਖੀ ਕੀਤੀ ਹੈ।
ਅਕਾਲੀ ਲੀਡਰ ਨੇ ਖਹਿਰਾ ਨੂੰ ਪਾਕਿਸਤਾਨੀ ਜਨਰਲਾਂ ਦੇ ਹੱਥਾਂ ਦੀ ਕਠਪੁਤਲੀ ਬਣਨ ਤੋਂ ਵਰਜਦਿਆਂ ਅਕਾਲੀ ਆਗੂ ਨੇ ਕਿਹਾ ਕਿ ਖਹਿਰਾ ਵੱਲੋਂ ਕਸ਼ਮੀਰ ਵਿੱਚ ਭਾਰਤੀ ਫ਼ੌਜ ਦੇ ਬਗ਼ਾਵਤ ਨਾਲ ਨਜਿੱਠਣ ਸਬੰਧੀ ਖਹਿਰਾ ਵੱਲੋਂ ਕੀਤੀਆਂ ਟਿੱਪਣੀਆਂ ਵੀ ਇਤਰਾਜ਼ਯੋਗ ਹਨ। ਉਨ੍ਹਾਂ ਕਿਹਾ ਕਿ ਖਹਿਰਾ ਨੂੰ ਬੇਤੁਕੀ ਬਿਆਨਬਾਜ਼ੀ ਕਰਨ ਦੀ ਥਾਂ ਖ਼ੁਦ ਨੂੰ ਫੌਜ ਦੀ ਜਗ੍ਹਾ ਰੱਖ ਕੇ ਵੇਖਣਾ ਚਾਹੀਦਾ ਹੈ, ਤਦ ਹੀ ਉਸ ਨੂੰ ਅਹਿਸਾਸ ਹੋਵੇਗਾ ਕਿ ਉਸ ਦੀਆਂ ਟਿੱਪਣੀਆਂ ਨੇ ਹਥਿਆਰਬੰਦ ਦਸਤਿਆਂ ਅਤੇ ਦੇਸ਼ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਕਿੰਨੀ ਸੱਟ ਮਾਰੀ ਹੈ।