ਨਿਊਯਾਰਕ: ਅਮਰੀਕਾ ਦੇ ਕੈਲੇਫੋਰਨੀਆ 'ਚ ਮੁਸਲਮਾਨ ਸਮਝੇ ਜਾਣ ਕਰਕੇ ਸਿੱਖ ਕਲਰਕ ਨੂੰ ਨਸਲੀ ਹਮਲੇ ਦਾ ਨਿਸ਼ਾਨਾ ਬਣਾਇਆ ਗਿਆ। ਪੁਲਿਸ ਨੇ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਦੀ ਸ਼ਨਾਖ਼ਤ ਜੌਹਨ ਕ੍ਰਾਇਨ ਵਜੋਂ ਹੋਈ ਹੈ। ਮੁਲਜ਼ਮ ਨੇ ਸਿੱਖ ਵਿਅਕਤੀ ਦੇ ਘਸੁੰਨ ਮਾਰੇ ਤੇ ਤੱਤੀ ਕੌਫ਼ੀ ਵੀ ਉਸ ਦੇ ਚਿਹਰੇ 'ਤੇ ਸੁੱਟ ਦਿੱਤੀ।


ਸਥਾਨਕ ਮੀਡੀਆ ਰਿਪੋਰਟ ਮੁਤਾਬਕ ਬੀਤੇ ਬੁੱਧਵਾਰ ਮੈਰਿਸਵਿਲੇ ਰਾਤ ਦੇ ਦੋ ਵਜੇ ਕ੍ਰਾਇਨ ਨੇ ਸਟੋਰ 'ਤੇ ਪਹੁੰਚ ਕੇ ਖ਼ੁਦ ਕੌਫ਼ੀ ਤਿਆਰ ਕੀਤੀ, ਜਿੱਥੇ ਸਿੱਖ ਵਿਅਕਤੀ ਕਲਰਕ ਵਜੋਂ ਨੌਕਰੀ ਕਰਦਾ ਹੈ। ਜਦ ਕ੍ਰਾਇਨ ਬਗ਼ੈਰ ਪੈਸੇ ਦਿੱਤੇ ਉੱਥੋਂ ਜਾ ਲੱਗਾ ਤਾਂ ਸਿੱਖ ਕਲਰਕ ਨੇ ਉਸ ਨੂੰ ਰੋਕਿਆ। ਕ੍ਰਾਇਨ ਨੇ ਉਸ ਦੇ ਘਸੁੰਨ ਮਾਰਿਆ ਤੇ ਫਰਾਰ ਹੋਣ ਤੋਂ ਪਹਿਲਾਂ ਕਲਰਕ ਦੇ ਚਿਹਰੇ 'ਤੇ ਤੱਤੀ ਕੌਫ਼ੀ ਸੁੱਟ ਦਿੱਤੀ।

ਪੁਲਿਸ ਅਧਿਕਾਰੀਆਂ ਨੇ ਸੀਸੀਟੀਵੀ ਤਸਵੀਰਾਂ ਦੇ ਆਧਾਰ 'ਤੇ ਕ੍ਰਾਇਨ ਦੀ ਗ੍ਰਿਫ਼ਤਾਰੀ ਕੀਤੀ ਤੇ ਪੁੱਛਗਿੱਛ ਵਿੱਚ ਉਸ ਦੇ ਇੱਕ ਹੋਰ ਹਮਲਾ ਵਿੱਚ ਸ਼ਾਮਲ ਹੋਣ ਬਾਰੇ ਵੀਪਤਾ ਲੱਗਾ। ਇਸ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਹ ਮੁਸਲਮਾਨਾਂ ਨੂੰ ਨਫ਼ਰਤ ਕਰਦਾ ਹੈ ਤੇ ਉਸ ਨੇ ਸਿੱਖ ਨੂੰ ਵੀ ਮੁਸਲਮਾਨ ਹੋਣ ਦੇ ਭੁਲੇਖੇ ਮਾਰ ਬੈਠਾ।

ਜੌਹਨ ਕ੍ਰਾਇਨ ਨੂੰ ਯੂਬਾ ਸਿਟੀ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਹੈ ਤੇ ਉਸ ਦੇ ਨਸਲੀ ਹਮਲੇ ਤੇ ਹੋਰ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਉੱਧਰ, ਸਿੱਖ ਜਥੇਬੰਦੀਆਂ ਨੇ ਇਸ ਹਮਲੇ ਦੀ ਨਿਖੇਧੀ ਕੀਤੀ ਤੇ ਪੁਲਿਸ ਵੱਲੋਂ ਹਮਲੇ ਨੂੰ ਨਸਲੀ ਮੰਨਦੇ ਹੋਏ ਕੀਤੀ ਕਾਰਵਾਈ 'ਤੇ ਤਸੱਲੀ ਵੀ ਪ੍ਰਗਟਾਈ।