ਇਸਲਾਮਾਬਾਦ: ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੀ ਵੈੱਬਸਾਈਟ ਹੈਕ ਕਰ ਲਈ ਗਈ ਹੈ। ਮੰਤਰਾਲੇ ਦੇ ਅਫ਼ਸਰਾਂ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਪਾਕਿਸਤਾਨ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਫੈਜ਼ਲ ਮੁਤਾਬਕ ਕਈ ਦੇਸ਼ਾਂ ਦੇ ਲੋਕਾਂ ਨੇ ਦੱਸਿਆ ਕਿ ਉਹ ਵੈੱਬਸਾਈਟ ਨਹੀਂ ਖੋਲ੍ਹ ਪਾ ਰਹੇ। ਇਸ ਘਟਨਾ ਬਾਅਦ ਪਾਕਿਸਤਾਨੀ ਅਫ਼ਸਰਾਂ ਨੇ ਭਾਰਤ ’ਤੇ ਹੈਕਿੰਗ ਕਰਾਉਣ ਦਾ ਸ਼ੱਕ ਜ਼ਾਹਰ ਕੀਤਾ ਹੈ।


ਫੈਜ਼ਲ ਨੇ ਦੱਸਿਆ ਕਿ ਆਈਟੀ ਟੀਮ ਵੈੱਬਸਾਈਟ ਨੂੰ ਖੋਲ੍ਹਣ ਦੀ ਕੋਸ਼ਿਸ਼ ਵਿੱਚ ਜੁਟੀ ਹੈ। ਹਾਲਾਂਕਿ ਪਾਕਿਸਤਾਨ ਵਿੱਚ ਬਿਨ੍ਹਾ ਪ੍ਰੇਸ਼ਾਨੀ ਦੇ ਵੈੱਬਸਾਈਟ ਠੀਕ ਚੱਲ ਰਹੀ ਹੈ। ਪਾਕਿਸਤਾਨ ਵਿਦੇਸ਼ ਮੰਤਰਾਲੇ ਮੁਤਾਬਕ ਆਸਟ੍ਰੇਲੀਆ, ਸਾਊਦੀ ਅਰਬ, ਯੂਕੇ ਤੇ ਨੀਦਰਲੈਂਡ ਨੇ ਵੈੱਬਸਾਈਟ ਖੋਲ੍ਹਣ ਵਿੱਚ ਪ੍ਰੇਸ਼ਾਨੀ ਦੀ ਗੱਲ ਕਹੀ ਹੈ।

ਜ਼ਿਕਰਯੋਗ ਹੈ ਕਿ ਪੁਲਵਾਮਾ ਹਮਲੇ ਦੇ ਤਿੰਨ ਦਿਨਾਂ ਬਾਅਦ ਪਾਕਿਸਤਾਨ ਵਿਦੇਸ਼ ਮੰਤਰਾਲੇ ਦੀ ਵੈੱਬਸਾਈਟ ਹੈਕ ਹੋਣ ਦੀ ਖ਼ਬਰ ਆਈ ਹੈ। ਵੀਰਵਾਰ ਨੂੰ ਪੁਲਵਾਮਾ ਵਿੱਚ ਸੀਆਰਪੀਐਫ ਦੇ ਕਾਫਲੇ ਉੱਤੇ ਅੱਤਵਾਦੀ ਹਮਲੇ ਦੌਰਾਨ 40 ਜਵਾਨ ਸ਼ਹੀਦ ਹੋ ਗਏ ਸਨ। ਕਾਫਲੇ ਵਿੱਚ ਕੁੱਲ 78 ਵਾਹਨ ਸ਼ਾਮਲ ਸਨ।