ਚੰਡੀਗੜ੍ਹ: ਜਾਪਾਨ ਦੀ ਰਾਜਧਾਨੀ ਟੋਕੀਓ ਵਿੱਚ ਇਕੱਲੇ ਲੜਕੇ-ਲੜਕੀਆਂ ਨੂੰ ਸਾਥੀ ਲੱਭਣ ਲਈ ਪ੍ਰੋਗਰਾਮ ਹੋਇਆ। ਇਸ ਵਿੱਚ ਛੋਟੇ-ਛੋਟੇ ਰੋਬੋਟ ਵੀ ਮੌਜੂਦ ਸਨ। ਦਰਅਸਲ ਅਹ ਰੋਬੋਟ ਉਨ੍ਹਾਂ ਲੜਕੇ-ਲੜਕੀਆਂ ਦੀ ਗੱਲ ਪਹੁੰਚਾ ਰਹੇ ਸੀ ਜੋ ਇੱਕ-ਦੂਜੇ ਨਾਲ ਗੱਲ ਕਰਨ ਵਿੱਚ ਸ਼ਰਮਾ ਰਹੇ ਸੀ। ਇਨ੍ਹਾਂ ਵਿੱਚ 25 ਤੋਂ 39 ਸਾਲ ਦੀ ਉਮਰ ਦੇ 28 ਮੁੰਡੇ-ਕੁੜੀਆਂ ਨੇ ਹਿੱਸਾ ਲਿਆ। ਇਨ੍ਹਾਂ ਰੋਬੋਟਾਂ ਦੀ ਵਜ੍ਹਾ ਕਰਕੇ 4 ਜੋੜੀਆਂ ਵੀ ਬਣੀਆਂ।


ਜਾਪਾਨ ਨਿਊਜ਼ ਮੁਤਾਬਕ ਇਹ ਪ੍ਰੋਗਰਾਮ ਟੋਕੀਓ ਸਥਿਤ ਆਰਟੀਫਿਸ਼ਲ ਇੰਟੈਲੀਜੈਂਸ, ਰੋਬੋਟਿਕਸ ਤੇ ਹੋਰ ਤਕਨੀਕ ’ਤੇ ਕੰਮ ਕਰਨ ਵਾਲੀ ਕੰਟੈਂਟ ਇਨੋਵੇਸ਼ਨ ਪ੍ਰੋਗਰਾਮ (ਸੀਆਈਪੀ) ਐਸੋਸੀਏਸ਼ਨ ਨੇ ਕਰਵਾਇਆ ਸੀ। ਸੀਆਈਪੀ ਦੇ ਅਧਿਕਾਰੀ ਯੁਨੋਸੁਕੇ ਤਾਕਾਹਾਸ਼ੀ ਨੇ ਦੱਸਿਆ ਕਿ ਰੋਬੋਟ ਅਜਿਹੇ ਲੋਕਾਂ ਦੀ ਮਦਦ ਕਰ ਸਕਦੇ ਹਨ ਜੋ ਆਪਣੇ ਵਿਆਹ ਦੀ ਗੱਲ ਨਹੀਂ ਕਰ ਪਾਉਂਦੇ ਜਾਂ ਫਿਰ ਗੱਲ ਕਰਨੋਂ ਝਕਦੇ ਹਨ।

ਇਸ ਪ੍ਰੋਗਰਾਮ ਵਿੱਚ ਆਉਣ ਵਾਲੇ ਮੁੰਡੇ-ਕੁੜੀਆਂ ਤੋਂ ਪਹਿਲਾਂ 45 ਵੱਖ-ਵੱਖ ਵਿਸ਼ਿਆਂ ’ਤੇ ਸਵਾਲ ਪੁੱਛੇ ਗਏ। ਇਨ੍ਹਾਂ ਵਿੱਚ ਉਨ੍ਹਾਂ ਦੀ ਇੱਛਾ ਤੇ ਨੌਕਰੀ ਵਰਗੀ ਜਾਣਕਾਰੀ ਸ਼ਾਮਲ ਸੀ। ਇਸ ਦੇ ਬਾਅਦ ਉਸ ਜਾਣਕਾਰੀ ਨੂੰ ਛੋਟੇ ਜਿਹੇ ਰੋਬੋਟ ਵਿੱਚ ਅਪਲੋਡ ਕੀਤਾ ਗਿਆ। ਇਸੇ ਜਣਕਾਰੀ ਦੇ ਆਧਾਰ ’ਤੇ ਰੋਬੋਟਾਂ ਨੇ ਲੋਕਾਂ ਦਾ ਇੱਕ ਛੋਟਾ ਜਿਹਾ ਬਾਇਓਡਾਟਾ ਤਿਆਰ ਕੀਤਾ। ਇਸ ਡੇਟਾ ਦਾ ਇਸਤੇਮਾਲ ਕਰਕੇ ਰੋਬੋਟਾਂ ਨੇ ਲੜਕੇ ਲੜਕੀਆਂ ਦੀ ਗੱਲ ਇੱਕ-ਦੂਜੇ ਤਕ ਪਹੁੰਚਾਈ।