Punjab News: ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿੱਚ ਲੀਡਰਸ਼ਿਪ ਨੂੰ ਲੈ ਕੇ ਹੰਗਾਮਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਹੁਣ ਸੀਨੀਅਰ ਅਕਾਲੀ ਆਗੂ ਇਕਬਾਲ ਸਿੰਘ ਝੂੰਦਾਂ ਨੇ ਤਿੱਖੇ ਤੇਵਰ ਵਿਖਾਏ ਹਨ। ਉਨ੍ਹਾਂ ਨੇ ਕਿਹਾ ਕਿ 'ਅਸੀਂ ਅਕਾਲੀ ਦਲ ਨੂੰ ਉਨ੍ਹਾਂ ਹੱਥਾਂ ਵਿੱਚ ਦੇ ਦਿੱਤਾ ਹੈ ਜਿਨ੍ਹਾਂ ਦਾ ਸੇਵਾ, ਪੰਥ ਤੇ ਪੰਜਾਬ ਨਾਲ ਕੋਈ ਲੈਣਾ-ਦੇਣਾ ਹੀ ਨਹੀਂ ਸੀ।" ਉਨ੍ਹਾਂ ਨੇ ਠੱਗਾਂ, ਚੋਰਾਂ ਤੇ ਲੁਟੇਰਿਆਂ ਦੀਆਂ ਟੀਮਾਂ ਭਰਤੀ ਕਰ ਲਈਆਂ, ਜਿਸ ਕਾਰਨ ਅਕਾਲੀ ਦਲ ਦੀ ਇਹ ਹਾਲਤ ਹੋਈ ਹੈ।
ਮੀਡੀਆ ਰਿਪੋਰਟ ਮੁਤਾਬਕ ਅਕਾਲੀ ਦਲ ਦੇ ਸੀਨੀਅਰ ਲੀਡਰ ਝੂੰਦਾ ਨੇ ਕਿਹਾ, "ਸਾਨੂੰ ਲੋਕਾਂ ਦੀ ਪਸੰਦ ਦੇ ਚਿਹਰਿਆਂ ਨੂੰ ਅੱਗੇ ਲਿਆਉਣਾ ਚਾਹੀਦਾ ਹੈ। ਜ਼ਬਰੀ ਲੀਡਰਸ਼ਿਪ ਨਾ ਥੋਪੀ ਜਾਵੇ।" ਇਸ ਨਾਲ ਲੋਕ ਦੁਖੀ ਹੁੰਦੇ ਹਨ। ਝੂੰਦਾਂ ਨੇ ਕਿਹਾ ਕਿ ਅਕਾਲੀ ਦਲ ਅੱਜ ਵੀ ਮਜ਼ਬੂਤਹੈ। ਪ੍ਰਭਾਵਸ਼ਾਲੀ ਚਿਹਰਿਆਂ ਨੂੰ ਸਰਕਲ ਤੋਂ ਜ਼ਿਲ੍ਹੇ ਤੱਕ ਲਿਆਂਦਾ ਜਾਵੇ। 3 ਮਹੀਨਿਆਂ 'ਚ ਅਕਾਲੀ ਦਲ ਮੁੜ ਸਿਖਰ 'ਤੇ ਹੋਵੇਗਾ।
ਦੱਸ ਦਈਏ ਕਿ ਇਕਬਾਲ ਸਿੰਘ ਝੂੰਦਾਂ ਦੀ ਅਗਵਾਈ ਵਿੱਚ ਅਕਾਲੀ ਦਲ ਨੇ ਵਿਧਾਨ ਸਭਾ ਚੋਣਾਂ ਵਿੱਚ ਹੋਈ ਹਾਰ ਦਾ ਜਾਇਜ਼ਾ ਲੈਣ ਲਈ ਕਮੇਟੀ ਦਾ ਗਠਨ ਕੀਤਾ ਸੀ। 13 ਮੈਂਬਰੀ ਕਮੇਟੀ ਨੇ ਅਕਾਲੀ ਦਲ ਨੂੰ 41 ਸੁਝਾਅ ਦਿੱਤੇ ਹਨ ਜਿਸ ਨੂੰ ਪਾਰਟੀ ਨੇ ਸਵੀਕਾਰ ਕਰ ਲਿਆ ਹੈ। ਇਸ ਤੋਂ ਬਾਅਦ ਪਾਰਟੀ ਦਾ ਸਾਰਾ ਢਾਂਚਾ ਭੰਗ ਕਰ ਦਿੱਤਾ ਗਿਆ। ਹਾਲਾਂਕਿ ਸੁਖਬੀਰ ਬਾਦਲ ਦੀ ਪ੍ਰਧਾਨਗੀ ਬਰਕਰਾਰ ਹੈ।
ਯਾਦ ਰਹੇ ਅਕਾਲੀ ਦਲ ਲਗਾਤਾਰ ਦੋ ਚੋਣਾਂ ਹਾਰ ਗਿਆ ਹੈ। ਇਸ ਵਾਰ ਸਥਿਤੀ ਹੋਰ ਵੀ ਮਾੜੀ ਸੀ ਕਿਉਂਕਿ 5 ਵਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਪਾਰਟੀ ਮੁਖੀ ਸੁਖਬੀਰ ਬਾਦਲ ਸਣੇ ਕਈ ਦਿੱਗਜ ਆਗੂ ਹਾਰ ਗਏ ਸਨ। ਹਾਲ ਹੀ ਵਿੱਚ ਪਾਰਟੀ ਦੇ ਫੈਸਲੇ ਦਾ ਵਿਰੋਧ ਕਰਦਿਆਂ ਪਾਰਟੀ ਦੇ ਵਿਧਾਇਕ ਮਨਪ੍ਰੀਤ ਇਆਲੀ ਨੇ ਰਾਸ਼ਟਰਪਤੀ ਪ੍ਰਧਾਨਗੀ ਦੀ ਚੋਣ ਵਿੱਚ ਵੋਟ ਨਹੀਂ ਪਾਈ ਸੀ।
ਉਸ ਤੋਂ ਬਾਅਦ ਪ੍ਰੇਮ ਸਿੰਘ ਚੰਦੂਮਾਜਰਾ ਕੋਰ ਕਮੇਟੀ ਦੀ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਏ। ਇਸ ਤੋਂ ਬਾਅਦ ਇੱਕ ਧੜਾ ਬਣ ਗਿਆ, ਜੋ ਇਸ਼ਾਰਿਆਂ-ਇਸ਼ਾਰਿਆਂ ਵਿੱਚ ਸੁਖਬੀਰ ਦੀ ਅਗਵਾਈ ਦਾ ਵਿਰੋਧ ਕਰ ਰਹੇ ਹਨ। ਇਸ ਨਾਲ ਨਜਿੱਠਣ ਲਈ ਸੁਖਬੀਰ ਬਾਦਲ ਨੇ ਅਨੁਸ਼ਾਸਨੀ ਕਮੇਟੀ ਬਣਾਈ ਹੈ।