ਸੰਗਰੂਰ: ਸੀਨੀਅਰ ਲੀਡਰ ਸੁਖਦੇਵ ਸਿੰਘ ਢੀਂਡਸਾ ਵੱਲੋਂ ਅਕਾਲੀ ਦਲ ਟਕਸਾਲੀ ਦਾ ਸਾਥ ਦੇਣਾ ਸ਼੍ਰੋਮਣੀ ਅਕਾਲੀ ਦਲ ਵਿੱਚ ਉਬਾਲ ਵਾਂਗ ਉੱਠ ਰਿਹਾ ਹੈ। ਦਰਅਸਲ ਬੀਤੇ ਕੱਲ੍ਹ ਢੀਂਡਸਾ ਨੇ ਆਪਣੇ ਘਰ ਅਕਾਲੀ ਵਰਕਰਾਂ ਦੀ ਮੀਟਿੰਗ ਬੁਲਾਈ ਸੀ। ਇਸ ਵਿੱਚ ਵੱਡੀ ਗਿਣਤੀ ਲੋਕਾਂ ਨੇ ਹਿੱਸਾ ਲਿਆ। ਇਸ ਨੂੰ ਵੇਖ ਕੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਗੁੱਸੇ ਵਿੱਚ ਆ ਗਏ। ਉਨ੍ਹਾਂ ਅੱਜ ਪ੍ਰੈੱਸ ਕਾਨਫਰੰਸ ਕਰਤੇ ਢੀਂਡਸਾ 'ਤੇ ਜੰਮ ਕੇ ਸ਼ਬਦੀ ਵਾਰ ਕੀਤੇ।

ਅਕਾਲੀ ਦਲ ਨੇ ਸੰਗਰੂਰ ਤੇ ਬਰਨਾਲਾ ਦੀ ਪੂਰੀ ਲੀਡਰਸ਼ਿਪ ਨੂੰ ਬੁਲਾ ਕੇ ਪ੍ਰੈੱਸ ਕਾਨਫਰੰਸ ਕੀਤੀ। ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਹੈ ਕਿ ਸੰਗਰੂਰ ਤੇ ਬਰਨਾਲਾ ਦੇ 90% ਅਕਾਲੀ ਵਰਕਰ ਬਾਦਲਾਂ ਵੱਲ ਹਨ। ਢੀਂਡਸਾ ਤੇ ਦੋਸ਼ ਲਾਉਂਦੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾਵਾਂ ਨੇ ਕਿਹਾ ਕਿ ਸੰਗਰੂਰ ਤੇ ਬਰਨਾਲਾ ਵਿੱਚ ਪਾਰਟੀ ਨੂੰ ਪਿੱਛੋਂ ਲਿਆਉਣ ਵਾਲੇ ਢੀਂਡਸਾ ਹੀ ਹਨ।

ਉਨ੍ਹਾਂ ਇਹ ਵੀ ਕਿਹਾ ਕਿ ਢੀਂਡਸਾ ਅਕਾਲੀ ਸਰਕਾਰ ਸਮੇਂ ਕਾਂਗਰਸ ਦੇ ਕੰਮ ਕਰਦੇ ਸੀ ਤੇ ਹੁਣ ਕਾਂਗਰਸ ਢੀਂਡਸਾ ਦੇ ਕੰਮ ਕਰ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕੇ ਢੀਂਡਸਾ ਪਿਛਲੇ 33 ਸਾਲਾਂ 'ਚ ਸਿਰਫ਼ ਇੱਕ ਵਾਰ ਹੀ ਚੋਣਾਂ ਜਿੱਤੇ ਹਨ। ਅਕਾਲੀ ਦਲ ਦੇ ਸਰਗਰਮ ਮੈਂਬਰਾਂ ਤੇ ਨੇਤਾਵਾਂ ਨੂੰ ਪਿਛਾਂਹ ਧੱਕਣ ਵਾਲੇ ਤੇ ਹਾਰ ਦਾ ਮੂੰਹ ਦਿਖਾਉਣ ਵਾਲੇ ਢੀਂਡਸਾ ਹੀ ਹਨ।

ਅਕਾਲੀ ਦਲ ਦੇ ਸੰਗਰੂਰ ਤੋਂ ਚੇਅਰਮੈਨ ਇਕਬਾਲ ਸਿੰਘ ਝੂੰਦਾ ਦਾ ਕਹਿਣਾ ਹੈ ਕਿ ਉਹ ਢੀਂਡਸਾ ਦੇ ਘਰ ਜਾ ਕੇ ਉਨ੍ਹਾਂ ਨੂੰ ਪਾਰਟੀ ਵਿੱਚ ਵਾਪਸ ਲਿਆਉਣ ਦੀ ਪੂਰੀ ਕੋਸ਼ਿਸ਼ ਕਰਨਗੇ ਤੇ ਫਿਰ ਵੀ ਜੇ ਉਹ ਨਾ ਮੰਨੇ ਤਾਂ ਉਨ੍ਹਾਂ ਖਿਲਾਫ ਬਣਦੀ ਕਾਰਵਾਈ ਕਰਨਗੇ।

ਝੂੰਦਾ ਦਾ ਕਹਿਣਾ ਹੈ ਕਿ ਪਾਰਟੀ ਨੇ ਢੀਂਡਸਾ ਨੂੰ ਪੂਰਾ ਮਾਣ ਸਨਮਾਨ ਦਿੱਤਾ, ਬਰਨਾਲਾ ਵਿੱਚ ਕੋਈ ਵੀ ਫੈਸਲਾ ਢੀਂਡਸਾ ਦੀ ਮਰਜ਼ੀ ਤੋਂ ਬਿਨ੍ਹਾਂ ਨਹੀਂ ਹੁੰਦਾ ਸੀ। ਅੱਜ ਉਹ ਪਾਰਟੀ ਤੇ ਵੱਡੇ-ਵੱਡੇ ਇਲਜ਼ਾਮ ਲਾ ਰਹੇ ਹਨ ਜੋ ਕੀ ਝੂਠੇ ਤੇ ਬੇਬੁਨਿਆਦ ਹਨ।