ਚੰਡੀਗੜ੍ਹ: ਆਖਰ ਪੰਜਾਬ ਸਰਕਾਰ ਵੱਲੋਂ ਨਵੇਂ ਮੋਟਰ ਵਹੀਕਲ ਐਕਟ ਨੂੰ ਲਾਗੂ ਕਰ ਦਿੱਤਾ ਗਿਆ ਹੈ। ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਦੇ ਕਾਨੂੰਨ ਨੂੰ ਇੰਨ-ਬਿੰਨ ਲਾਗੂ ਨਹੀਂ ਕੀਤਾ। ਜਿੱਥੇ ਕੇਂਦਰ ਸਰਕਾਰ ਨੇ ਮੋਟੇ ਜ਼ੁਰਮਾਨੇ ਲਾਏ ਹਨ, ਉੱਥੇ ਪੰਜਾਬ ਸਰਕਾਰ ਨੇ ਕੁਝ ਰਾਹਤ ਦਿੱਤੀ ਹੈ।

ਪੰਜਾਬ ਸਰਕਾਰ ਵੱਲ਼ੋਂ ਟ੍ਰੈਫਿਕ ਦੀ ਉਲੰਘਣਾ ਕਰਨ ਵਾਲੇ ਦੇ ਚਲਾਨ ਦੇ ਜੁਰਮਾਨੇ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਹੈ। ਜੇਕਰ ਟ੍ਰੈਫਿਕ ਉਲੰਘਣਾ ਦਾ ਚਲਾਨ ਪਹਿਲੀ ਵਾਰ ਹੁੰਦਾ ਹੈ ਤਾਂ ਉਸ ਦਾ ਜੁਰਮਾਨਾ ਘੱਟ ਰਹੇਗਾ, ਪਰ ਉਹੀ ਜੇ ਟ੍ਰੈਫਿਕ ਦੀ ਉਲੰਘਣਾ ਨੂੰ ਬਾਰ-ਬਾਰ ਕੀਤਾ ਜਾਏਗਾ ਤਾਂ ਉਸ ਦਾ ਜੁਰਮਾਨਾ ਦੁੱਗਣਾ ਜਾਂ ਡੇਢ ਗੁਣਾ ਹੋ ਜਾਏਗਾ।

ਇਸ ਦੇ ਨਾਲ ਹੀ ਕੁਝ ਜੁਰਮਾਨਿਆਂ ਵਿੱਚ ਸਾਧਨ ਚਲਾਉਣ ਵਾਲੇ ਵਿਅਕਤੀ ਦਾ ਲਾਈਸੈਂਸ ਵੀ ਤਿੰਨ ਮਹੀਨੇ ਲਈ ਡਿਸਕੁਆਲੀਫਾਈ ਕਰ ਦਿੱਤਾ ਜਾਏਗਾ। ਨਵੇਂ ਮੋਟਰ ਵਹੀਕਲ ਐਕਟ ਮੁਤਾਬਕ ਟ੍ਰੈਫਿਕ ਦੀ ਉਲੰਘਣਾ ਦਾ ਚਲਾਨ ਘੱਟੋ ਘੱਟ ਇੱਕ ਏਐਸਆਈ ਰੈਂਕ ਦਾ ਅਫ਼ਸਰ ਹੀ ਕਰ ਸਕਦਾ ਹੈ।

ਗੱਡੀ ਚਲਾਉਂਦੇ ਸਮੇਂ ਫੋਨ 'ਤੇ ਗੱਲ ਕਰਨਾ ਸਭ ਤੋਂ ਮਹਿੰਗਾ ਪੈ ਸਕਦਾ ਹੈ। ਐਮਰਜੈਂਸੀ ਦੌਰਾਨ ਜੇਕਰ ਫਾਇਰ ਟੈਂਡਰ ਨੂੰ ਸੜਕ 'ਤੇ ਰਸਤਾ ਨਹੀਂ ਦਿੱਤਾ ਤਾਂ ਉਸ ਚਲਾਨ ਦਾ ਜੁਰਮਾਨਾ ਵੀ ਵੱਡਾ ਰੱਖਿਆ ਗਿਆ ਹੈ।