ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੀ ਫ਼ਤਹਿਗੜ੍ਹ ਸਾਹਿਬ ਤੋਂ ਲੋਕ ਸਭਾ ਚੋਣਾਂ ਦੇ ਉਮੀਦਵਾਰ ਚੁਣਨਾ ਪਾਰਟੀ ਲਈ ਗੰਭੀਰ ਮੁੱਦਾ ਬਣ ਗਿਆ ਹੈ। ਸ਼ਨੀਵਾਰ ਨੂੰ ਪਾਰਟੀ ਦੇ ਸੀਨੀਅਰ ਆਗੂਆਂ ਨੇ ਫ਼ਤਹਿਗੜ੍ਹ ਸਾਹਿਬ ਸੀਟ ਲਈ ਉਮੀਦਵਾਰ ਚੁਣਨ ਲਈ ਸਿਰ ਜੋੜੇ, ਪਰ ਹਾਲੇ ਕੋਈ ਸਿੱਟਾ ਨਹੀਂ ਨਿੱਕਲਿਆ ਜਾਪਦਾ।
ਬੈਠਕ ਉਪਰੰਤ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਮਜੀਠੀਆ ਨੇ ਦੱਸਿਆ ਕਿ ਆਉਂਦੇ ਹਫ਼ਤੇ ਵਿੱਚ ਉਹ ਉਮੀਦਵਾਰ ਦੇ ਨਾਂਅ ਦਾ ਐਲਾਨ ਕਰ ਦੇਣਗੇ। ਹਾਲਾਂਕਿ, ਅਕਾਲੀ ਦਲ ਤੋਂ ਚੋਣ ਲੜਨ ਦੀ ਪੰਜਾਬ ਪੁਲੀਸ ਦੇ ਆਈਜੀ ਹਰਮੋਹਨ ਸੰਧੂ ਅਤੇ ਹੁਸ਼ਿਆਰਪੁਰ ਦੇ ਆਰਟੀਓ ਕਰਨ ਸਿੰਘ ਨੇ ਆਪੋ-ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇ ਕੇ ਫ਼ਤਹਿਗੜ੍ਹ ਸਾਹਿਬ ਤੋਂ ਚੋਣ ਲੜਨ ਦੀ ਇੱਛਾ ਜ਼ਾਹਿਰ ਕੀਤੀ ਸੀ। ਇਨ੍ਹਾਂ ਵਿੱਚੋਂ ਆਰਟੀਓ ਸਾਬ ਤਾਂ ਮੁੜ ਤੋਂ ਸਰਕਾਰੀ ਨੌਕਰੀ 'ਤੇ ਪਰਤ ਆਏ ਹਨ ਪਰ ਹਰਮੋਹਨ ਸੰਧੂ ਮੈਦਾਨ ਵਿੱਚ ਡਟੇ ਹੋਏ ਹਨ।
ਹੁਣ ਪਾਰਟੀ ਨੇ ਤੈਅ ਕਰਨਾ ਹੈ ਕਿ ਉਹ ਪੁਲਿਸ ਅਫਸਰ ਦੀ ਕੁਰਸੀ ਨੂੰ ਲੱਤ ਮਾਰਨ ਵਾਲੇ ਦੇ ਭਾਗ ਜਗਾਉਣੇ ਹਨ ਜਾਂ ਆਪਣੇ ਪੁਰਾਣੇ ਲੀਡਰਾਂ ਨੂੰ ਅੱਗੇ ਲਿਆਉਣਾ ਹੈ। ਫ਼ਤਹਿਗੜ੍ਹ ਸਾਹਿਬ ਸੀਟ ਤੋਂ ਹੁਣ ਅਕਾਲੀ ਦਲ ਦੀ ਟਿਕਟ ਦੇ ਉਮੀਦਵਾਰਾਂ ਵਿੱਚ ਹਰਮੋਹਨ ਸੰਧੂ, ਉਨ੍ਹਾਂ ਦੀ ਮਾਤਾ ਸਤਵੰਤ ਕੌਰ, ਸਾਬਕਾ ਵਿਧਾਇਕ ਵਨਿੰਦਰ ਕੌਰ ਲੂੰਬਾ ਤੋਂ ਇਲਾਵਾ ਵੀ ਇੱਕ-ਦੋ ਨਾਂ ਚਰਚਾ ਵਿੱਚ ਹਨ। ਆਰਟੀਓ ਕਰਨ ਸਿੰਘ ਦੀ ਪਤਨੀ ਅਤੇ ਅਕਾਲੀ ਦਲ ਦੀ ਸਾਬਕਾ ਵਿਧਾਇਕ ਵਨਿੰਦਰ ਕੌਰ ਲੂੰਬਾ ਦਾ ਕਹਿਣਾ ਹੈ ਕਿ ਇੱਕ-ਦੋ ਦਿਨਾਂ ਵਿੱਚ ਇਹ ਸਾਫ ਹੋ ਜਾਵੇਗਾ ਕਿ ਕਿਸ ਨੇ ਚੋਣ ਲੜਣੀ ਹੈ।