ਚੰਡੀਗੜ੍ਹ: ਟਕਸਾਲੀ ਲੀਡਰਾਂ ਤੋਂ ਬਾਅਦ ਸੁਖਬੀਰ ਬਾਦਲ ਦੀ ਪ੍ਰਧਾਨਗੀ 'ਤੇ ਸਵਾਲ ਚੁੱਕਣ ਵਾਲੇ ਨਵੀਂ ਪੀੜ੍ਹੀ ਦੇ ਅਕਾਲੀ ਲੀਡਰ ਸ਼ੇਰ ਸਿੰਘ ਘੁਬਾਇਆ ਨੂੰ ਹੁਣ ਅਕਾਲੀ ਦਲ ਨੇ ਆਪੇ ਬਾਹਰ ਚਲੇ ਜਾਣ ਦੀ ਸਲਾਹ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਚੀਮਾ ਨੇ ਕਿਹਾ ਕਿ ਜੇਕਰ ਸ਼ੇਰ ਸਿੰਘ ਘੁਬਾਇਆ ਪਾਰਟੀ ਦੇ ਇੰਨਾ ਹੀ ਖਿਲਾਫ਼ ਹੈ ਤਾਂ ਆਪਣੀ ਸੀਟ ਕਿਉਂ ਨਹੀਂ ਛੱਡ ਦਿੰਦਾ।
ਦਰਅਸਲ, ਘੁਬਾਇਆ ਨੇ 'ਏਬੀਪੀ ਸਾਂਝਾ' ਦੇ ਵਿਸ਼ੇਸ਼ ਪ੍ਰੋਗਰਾਮ ਮੁੱਕਦੀ ਗੱਲ ਵਿੱਚ ਸੁਖਬੀਰ ਦੀ ਪ੍ਰਧਾਨਗੀ ਨਾ ਕਬੂਲਣ ਦੀ ਗੱਲ ਕਹੀ ਸੀ। ਫ਼ਿਰੋਜ਼ਪੁਰ ਤੋਂ ਅਕਾਲੀ ਦਲ ਦੇ ਲੋਕ ਸਭਾ ਮੈਂਬਰ ਨੇ ਸੁਖਬੀਰ ਬਾਦਲ 'ਤੇ ਵੱਡੇ ਇਲਜ਼ਾਮ ਲਾਉਂਦੇ ਦਾਅਵਾ ਕੀਤਾ ਸੀ ਕਿ ਜਲਾਲਾਬਾਦ ਅਤੇ ਲੰਬੀ ਸੀਟ 'ਤੇ ਪਹਿਲਾਂ ਤੋਂ ਹੀ ਸੈਟਿੰਗ ਕੀਤੀ ਹੋਈ ਸੀ। ਘੁਬਾਇਆ ਨੇ 'ਏਬੀਪੀ ਸਾਂਝਾ' 'ਤੇ ਐਲਾਨ ਕੀਤਾ ਸੀ ਕਿ ਉਹ ਸੁਖਬੀਰ ਬਾਦਲ ਦੀ ਪ੍ਰਧਾਨਗੀ ਹੇਠ ਚੋਣ ਨਹੀਂ ਲੜਾਂਗਾ।
ਅਸ਼ਲੀਲ ਸੀਡੀ ਕਾਂਡ 'ਚ ਘਿਰੇ ਘੁਬਾਇਆ ਨੇ ਸੁਖਬੀਰ ਦੇ ਤੌਰ ਤਰੀਕਿਆਂ 'ਤੇ ਵੀ ਸਵਾਲ ਚੁੱਕੇ। ਉਨ੍ਹਾਂ ਕਿਹਾ ਸੁਖਬੀਰ ਬਾਦਲ ਬਜ਼ੁਰਗਾਂ ਤੋਂ ਸੁਖਬੀਰ ਬਾਦਲ ਪੈਰੀਂ ਹੱਥ ਲਵਾਉਂਦਾ ਹੈ। ਘੁਬਾਇਆ ਨੇ ਸੁਖਬੀਰ ਬਾਦਲ ਨੂੰ ਚੁਣੌਤੀ ਦਿੱਤੀ ਕਿ ਉਹ ਉਨ੍ਹਾਂ ਨੂੰ ਪਾਰਟੀ ਵਿੱਚੋਂ ਕੱਢ ਦੇਵੇ।
ਘੁਬਾਇਆ ਦੇ ਇਲਜ਼ਾਮਾਂ ਦਾ ਜਵਾਬ ਦਿੰਦਿਆਂ ਚੀਮਾ ਨੇ ਕਿਹਾ ਕਿ ਉਨ੍ਹਾਂ ਆਪਣੇ ਪੁੱਤਰ ਨੂੰ ਕਾਂਗਰਸ ਵੱਲੋਂ ਟਿੱਪ ਟਿਕਟ ਦਿਵਾਈ ਅਤੇ ਬਾਅਦ ਵਿੱਚ ਕਾਂਗਰਸ ਨੂੰ ਹੀ ਨਿੰਦਣਾ ਸ਼ੁਰੂ ਕਰ ਦਿੱਤਾ। ਚੀਮਾ ਨੇ ਘੁਬਾਇਆ ਵੱਲੋਂ ਕਾਂਗਰਸ ਨਾਲ ਰਲ਼ ਕੇ ਚੋਣ ਲੜਨ ਦੇ ਦਾਅਵੇ ਨੂੰ ਖਾਰਜ ਕਰਦਿਆਂ ਕਿਹਾ ਕਿ ਸ਼ੇਰ ਸਿੰਘ ਘੁਬਾਇਆ ਅਕਾਲੀ ਦਲ 'ਚ ਰਹਿ ਕੇ ਅਕਾਲੀਆਂ ਦਾ ਨਹੀਂ ਸੀ ਅਤੇ ਮੁੰਡੇ ਨੂੰ ਕਾਂਗਰਸ ਵੱਲੋਂ ਟਿਕਟ ਦਿਵਾ ਕੇ ਕਾਂਗਰਸ ਦਾ ਵੀ ਨਹੀਂ ਹੈ।