ਚੰਡੀਗੜ੍ਹ: ਸਰਕਾਰ ਤੇ ਪ੍ਰਸ਼ਾਸਨ ਵੱਲੋਂ ਪਰਾਲੀ ਸਾੜਨ ਤੋਂ ਰੋਕਣ ਲਈ ਕੀਤੀ ਸਖ਼ਤੀ ਦੇ ਬੇਅਸਰ ਸਾਬਤ ਹੋਣ ਤੋਂ ਬਾਅਦ ਹੁਣ ਪ੍ਰਸ਼ਾਸਨ ਨੇ ਵਿਲੱਖਣ ਤਰਕੀਬ ਕੱਢ ਲਈ ਹੈ। ਜ਼ਿਲ੍ਹਾ ਫ਼ਤਿਹਾਬਾਦ ਦੇ ਡੀਸੀ ਜੇ.ਕੇ. ਆਭੀਰ ਨੇ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਨਵੇਂ ਹੁਕਮ ਜਾਰੀ ਕੀਤੇ ਹਨ। ਡੀਸੀ ਨੇ ਕਿਹਾ ਹੈ ਕਿ ਜੋ ਕਿਸਾਨ ਪਰਾਲੀ ਸਾੜਨਗੇ, ਉਨ੍ਹਾਂ ਦੇ ਹਥਿਆਰਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਜਾਣਗੇ।
ਇਸ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਡਿਊਟੀ ਲਾਈ ਗਈ ਹੈ। ਦੀਵਾਲੀ ਵਾਲੇ ਦਿਨ ਕਈ ਕਿਸਾਨਾਂ ਨੇ ਪਰਾਲੀ ਨੂੰ ਅੱਗ ਲਾਈ ਜਿਸ ਕਰਕੇ ਬੁੱਧਵਾਰ ਨੂੰ ਲੋਕਾਂ ਨੂੰ ਸਾਹ ਲੈਣ ਵਿੱਚ ਵੀ ਦਿੱਕਤ ਆ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਫ਼ਤਿਹਾਬਾਦ ਵਿੱਚ ਕਿਸਾਨਾਂ ਨੇ ਦੀਵਾਲੀ ਵਾਲੀ ਰਾਤ ਪਟਾਕਿਆਂ ਦੀ ਆੜ ਵਿੱਚ ਪਰਾਲੀ ਨੂੰ ਅੱਗ ਲਾਈ ਜਿਸ ਕਾਰਨ ਸ਼ਹਿਰ ਵਿੱਚ ਪ੍ਰਦੂਸ਼ਣ ਇੰਨਾ ਵਧ ਗਿਆ ਕਿ ਕੁਝ ਹੀ ਦੂਰੀ ਤਕ ਦਿਖਾਈ ਦੇਣਾ ਬੰਦ ਹੋ ਗਿਆ ਜਿਸ ਕਾਰਨ ਵਾਹਨ ਚਾਲਕਾਂ ਨੂੰ ਬੇਹੱਦ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਡੀਸੀ ਆਭੀਰ ਨੇ ਹੁਕਮ ਜਾਰੀ ਕਰਕੇ ਕਿਹਾ ਕਿ ਜ਼ਿਲ੍ਹੇ ਵਿੱਚ ਜੇ ਕਿਸੇ ਕਿਸਾਨ ਕੋਲ ਹਥਿਆਰ ਹੈ ਤੇ ਜੇ ਉਸ ਨੇ ਜਾਂ ਉਸ ਦੇ ਪਰਿਵਾਰ ਦੇ ਕਿਸੇ ਹੋਰ ਮੈਂਬਰ ਨੇ ਪਰਾਲੀ ਸਾੜੀ ਹੈ ਤਾਂ ਉਸ ਦਾ ਲਾਇਸੈਂਸ ਰੱਦ ਕਰ ਦਿੱਤਾ ਜਾਏਗਾ। ਜੇ ਉਹ ਪ੍ਰਸ਼ਾਸਨ ਦੇ ਹੁਕਮਾਂ ਦੀ ਉਲੰਘਣਾ ਕਰੇਗਾ ਤਾਂ ਉਸਦੀ ਕਾਰਵਾਈ ਸ਼ੱਕ ਦੇ ਘੇਰੇ ਵਿੱਚ ਆਏਗੀ ਤੇ ਅਜਿਹੇ ਵਿੱਚ ਉਸਨੂੰ ਹਥਿਆਰ ਰੱਖਣ ਦਾ ਕੋਈ ਅਧਿਕਾਰ ਨਹੀਂ। ਅਜਿਹਾ ਕਿਸਾਨਾਂ ਦੇ ਭਵਿੱਖ ਵਿੱਚ ਲਾਇਸੈਂਸ ਦੇ ਨਵੀਨੀਕਰਨ, ਖੇਤਰ ਵਿਸਤਾਰ ਤਾਂ ਨਵੇਂ ਆਰਮ ਏਡ ਕਰਵਾਉਣ ਸਬੰਧੀ ਬਿਨੈ ਪੱਤਰ ’ਤੇ ਵੀ ਵਿਚਾਰ ਨਹੀਂ ਕੀਤਾ ਜਾਏਗਾ।
300 ਕਿਸਾਨਾਂ ਨੂੰ ਨੋਟਿਸ
ਫ਼ਤਿਹਾਬਾਦ ਜ਼ਿਲ੍ਹੇ ’ਚ 1508 ਥਾਵਾਂ ’ਤੇ ਅੱਗ ਲਾਈ ਗਈ। ਪਰ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਸਿਰਫ 300 ਕਿਸਾਨਾਂ ਨੂੰ ਹੀ ਚੇਤਾਵਨੀ ਦਿੱਤੀ ਹੈ। ਅਧਿਕਾਰੀਆਂ ਨੂੰ ਨੋਟਿਸ ਦੇਣ ਦੀ ਕਾਰਵਾਈ ਹੋਰ ਤੇਜ਼ ਕਰਨ ਲਈ ਕਿਹਾ ਗਿਆ ਹੈ। ਇਸਦੇ ਨਾਲ ਹੀ ਸਬੰਧਤ ਸਰਪੰਚ, ਗਰਾਮ ਸਕੱਤਰ ਤੇ ਡਿਊਟੀ ਮੈਜਿਸਟਰੇਟ ਨੂੰ ਵੀ ਪਰਾਲੀ ਸਾੜਨ ਵਾਲੇ ਕਿਸਾਨਾਂ ਦੀ ਪਛਾਣ ਕਰਕੇ ਉਨ੍ਹਾਂ ਦੀ ਰਿਪੋਰਟ ਜਾਰੀ ਕਰਨ ਦੇ ਹੁਕਮ ਦਿੱਤੇ ਗਏ ਹਨ।