ਚੰਡੀਗੜ੍ਹ: ਨੋਟਬੰਦੀ ਦੇ 2 ਸਾਲ ਪੂਰੇ ਹੋਣ ਉੱਤੇ ਪੰਜਾਬ ਕਾਂਗਰਸ ਵੱਲੋਂ ਪੀਐਮ ਮੋਦੀ ਦੇ ਨੋਟਬੰਦੀ ਦੇ ਫ਼ੈਸਲੇ ਖ਼ਿਲਾਫ਼ ਚੰਡੀਗੜ੍ਹ ਦੇ ਸੈਕਟਰ 17 ਆਰਬੀਆਈ ਦੀ ਸ਼ਾਖਾ ਸਾਹਮਣੇ ਧਰਨਾ ਲਗਾਇਆ ਗਿਆ। ਧਰਨੇ ਦੀ ਅਗਵਾਈ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕੀਤੀ। ਇਸ ਮੌਕੇ ਉਨ੍ਹਾਂ ਨੋਟਬੰਦੀ ਨੂੰ ਸਰਕਾਰ ਦਾ ‘ਫੇਅਰ ਐਂਡ ਲਵਲੀ’ ਫੈਸਲਾ ਕਰਾਰ ਦਿੱਤਾ।
ਇਸ ਮੌਕੇ ਸੁਨੀਲ ਜਾਖੜ ਨੇ ਕਿਹਾ ਕਿ ਸਰਕਾਰ ਨੇ ਨੋਟਬੰਦੀ ਦੇ ਫੈਸਲੇ ਨਾਲ ਛੋਟੇ ਵਰਗ ਦੇ ਵਪਾਰੀਆਂ ਦੀ ਜਾਨ ਕੱਢ ਲਈ ਹੈ। ਪਰ ਪੀਐਮ ਮੋਦੀ ਦੇ ਚਹੇਤੇ ਪੈਸੇ ਵਾਲੇ ਲੋਕਾਂ ’ਤੇ ਇਸਦਾ ਕੋਈ ਫਰਕ ਨਹੀਂ ਪਿਆ। ਇਸ ਮੌਕੇ ਸੁਨੀਲ ਜਾਖ ਨਾਲ ਪੰਜਾਬ ਦੇ ਕੈਬਨਿਟ ਮੰਤਰੀ ਬਲਬੀਰ ਸਿੱਧੂ ਵੀ ਹਾਜ਼ਰ ਸਨ। ਉਨ੍ਹਾਂ ਆਰਬੀਆਈ ਨੂੰ ਮੋਦੀ ਤੋਂ ਬਚਾਉਣ ਦਾ ਨਾਅਰਾ ਦਿੱਤਾ।
ਚੰਡੀਗੜ੍ਹ ਤੋਂ ਇਲਾਵਾ ਸੂਬੇ ਦੇ ਹੋਰ ਜ਼ਿਲ੍ਹਿਆਂ ਵਿੱਚ ਵੀ ਨੋਟਬੰਦੀ ਖਿਲਾਫ ਧਰਨੇ ਲਾਏ ਗਏ। ਜ਼ਿਲ੍ਹਾ ਬਰਨਾਲਾ ਦੇ ਜ਼ਿਲ੍ਹਾ ਮੁੱਖ ਦਫ਼ਤਰ ਵਿੱਚ ਵੀ ਕਾਂਗਰਸ ਵੱਲੋਂ ਧਰਨਾ ਲਾਇਆ ਗਿਆ ਤੇ ਮੋਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਇੱਥੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਮੁਕੇਸ਼ ਸ਼ਰਮਾ ਤੇ ਗੁਰਜੀਤ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਦੀ ਇਹ ਯੋਜਨਾ ਬਿਲਕੁਲ ਫੇਲ੍ਹ ਸਾਬਤ ਹੋਈ ਹੈ। ਕਾਲ਼ੇ ਧਨ ਵਿੱਚ ਹੋਰ ਵਾਧਾ ਹੋਇਆ ਹੈ ਤੇ ਆਮ ਲੋਕਾਂ ਦੀਆਂ ਮੁਸ਼ਕਲਾਂ ਵਧੀਆਂ ਹਨ।