ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ੁਰੂ ਕੀਤੀਆਂ ਪੋਲ ਖੋਲ੍ਹ ਰੈਲੀਆਂ ਤਹਿਤ ਦੁਆਬੇ ਦੀ ਸ਼ੁਰੂਆਤ ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਤੋਂ ਕੀਤੀ ਜਾਵੇਗੀ । ਇਹ ਗੱਲ ਮੈਂਬਰ ਪਾਰਲੀਮੈਂਟ ਪ੍ਰੇਮ ਸਿੰਘ ਚੰਦੂਮਾਜਰਾ ਨੇ ਬੰਗਾ ਵਿਖੇ ਅਕਾਲੀ ਦਲ ਦੀ ਮੀਟਿੰਗ ਦੌਰਾਨ ਕਹੀ ਹੈ। ਉਨ੍ਹਾਂ ਦੱਸਿਆ ਕਿ 23 ਮਾਰਚ ਨੂੰ ਅਕਾਲੀ ਦਲ ਵਿਸ਼ਾਲ ਕਾਨਫ਼ਰੰਸ ਕਰੇਗਾ ਜਿਸ ਵਿਚ ਕੇਂਦਰ ਤੋਂ ਵੀ ਮੰਤਰੀ ਪੁੱਜਣਗੇ। ਚੰਦੂਮਾਜਰਾ ਨੇ ਕਿਹਾ ਹੈ ਕਿ ਅਕਾਲੀ ਦਲ ਦੀ ਸਰਕਾਰ ਨੇ ਪਿਛਲੇ 10 ਸਾਲਾਂ ਦੇ ਕਾਰਜਕਾਲ ਵਿਚ ਹਰ ਵਰਗ ਦੀ ਭਲਾਈ ਲਈ ਲੋਕ ਭਲਾਈ ਸਕੀਮਾਂ ਲਿਆਂਦੀਆਂ ਸਨ, ਜੋ ਕੈਪਟਨ ਸਰਕਾਰ ਵੱਲੋਂ ਬੰਦ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ, ਅਕਾਲੀ ਆਗੂਆਂ ਤੇ ਵਰਕਰਾਂ ਨਾਲ ਕੀਤੀਆਂ ਜਾ ਰਹੀਆਂ ਵਧੀਕੀਆਂ ਨੂੰ ਵੇਖ ਕੇ ਅਕਾਲੀ ਦਲ ਚੁੱਪ ਨਹੀਂ ਬੈਠੇਗਾ। ਉਨ੍ਹਾਂ ਕਿਹਾ ਕਿ ਸਰਕਾਰ ਦੀ ਕਾਰਗੁਜ਼ਾਰੀ ਨੂੰ ਲੋਕਾਂ ਦੀ ਕਚਹਿਰੀ 'ਚ ਰੱਖਣ ਲਈ ਅਕਾਲੀ ਦਲ ਪੋਲ ਖੋਲ੍ਹ ਰੈਲੀਆਂ ਕਰ ਕੇ ਕਾਂਗਰਸ ਦੇ ਪਾਜ ਉਦੇੜ ਦਿੱਤੇ ਜਾਣਗੇ। ਉਨ੍ਹਾਂ  ਦੱਸਿਆ ਕਿ ਇਨ੍ਹਾਂ ਰੈਲੀਆਂ ਵਿਚ ਪੰਜਾਬ ਸਰਕਾਰ ਵਲੋਂ ਪੰਜਾਬ ਦੇ ਕਿਸਾਨਾਂ, ਨੌਜਵਾਨਾਂ, ਮੁਲਾਜ਼ਮਾਂ ਅਤੇ ਹੋਰ ਵਰਗਾਂ ਨਾਲ ਕੀਤੇ ਗਏ ਵਿਸ਼ਵਾਸਘਾਤ ਨੂੰ ਲੋਕਾਂ ਦੀ ਕਚਹਿਰੀ ਵਿਚ ਨੰਗਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਸ ਤਰੀਕੇ ਨਾਲ ਕਾਂਗਰਸ ਪਾਰਟੀ ਕਸਮਾਂ ਚੁੱਕ ਕੇ ਕਰਜ਼ਾ ਮੁਆਫੀ ਦੇ ਐਲਾਨ ਤੋਂ ਭੱਜ ਰਹੀ ਹੈ, ਉੁਸ ਦਾ ਹਿਸਾਬ ਸੂਬਾ ਸਰਕਾਰ ਕੋਲੋਂ ਮੰਗਿਆ ਜਾਵੇਗਾ।