ਮਾਲਦੀਵ ਐਮਰਜੈਂਸੀ: ਇੱਕ ਪੰਜਾਬੀ ਸਮੇਤ ਦੋ ਭਾਰਤੀ ਪੱਤਰਕਾਰ ਗ੍ਰਿਫ਼ਤਾਰ
ਏਬੀਪੀ ਸਾਂਝਾ | 10 Feb 2018 12:45 PM (IST)
ਨਵੀਂ ਦਿੱਲੀ: ਸਿਆਸੀ ਸੰਕਟ ਅਤੇ ਐਮਰਜੈਂਸੀ ਵਿਚਾਲੇ ਮਾਲਦੀਵ ਵਿੱਚ ਭਾਰਤੀ ਮੂਲ ਦੇ 2 ਪੱਤਰਕਾਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਖ਼ਬਰ ਏਜੰਸੀ ਏ.ਐਨ.ਆਈ. ਮੁਤਾਬਿਕ- ਪੰਜਾਬ ਦੇ ਮਨੀ ਸ਼ਰਮਾ ਅਤੇ ਲੰਦਨ ਦੇ ਆਤਿਸ਼ ਰਾਜਵੀ ਪਟੇਲ ਨਿਊਜ਼ ਏਜੰਸੀ ਏ.ਐਫ.ਪੀ. ਦੇ ਪੱਤਰਕਾਰ ਹਨ। ਮੋਨੀ ਸ਼ਰਮਾ ਨੂੰ ਰਾਸ਼ਟਰੀ ਸੁਰੱਖਿਆ ਵਿੱਚ ਦਖ਼ਲ ਦੇਣ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਮਾਲਦੀਵ ਸੰਕਟ ਵਿੱਚ ਗ੍ਰਿਫ਼ਤਾਰ ਕੀਤੇ ਗਏ ਭਾਰਤੀ ਪੱਤਰਕਾਰ ਮਨੀ ਸ਼ਰਮਾ ਦੇ ਮਾਮਲੇ ਵਿੱਚ ਵਿਦੇਸ਼ ਮੰਤਰਾਲੇ ਨੇ ਬਿਆਨ ਜਾਰੀ ਕੀਤਾ ਹੈ। ਮੰਤਰਾਲੇ ਵੱਲੋਂ ਦੱਸਿਆ ਗਿਆ ਹੈ ਕਿ ਮਾਲਦੀਵ ਵਿੱਚ ਪੱਤਰਕਾਰ ਦੇ ਤੌਰ 'ਤੇ ਕੰਮ ਕਰ ਰਹੇ ਭਾਰਤੀ ਮਨੀ ਸ਼ਰਮਾ ਨੂੰ ਹਿਰਾਸਤ ਵਿੱਚ ਲਏ ਜਾਣ ਦੀ ਜਾਣਕਾਰੀ ਸਾਨੂੰ ਮਿਲੀ ਹੈ। ਅਸੀਂ ਆਪਣੀ ਅੰਬੈਸੀ ਨੂੰ ਅਫ਼ਸਰਾਂ ਦੇ ਸੰਪਰਕ ਵਿੱਚ ਰਹਿਣ ਲਈ ਕਿਹਾ ਹੈ ਤਾਂ ਜੋ ਮਾਮਲੇ ਬਾਰੇ ਪਤਾ ਲੱਗਦਾ ਰਹੇ। ਭਾਰਤ ਦਾ ਗੁਆਂਢੀ ਮੁਲਕ ਮਾਲਦੀਵ ਰਾਜਨੀਤਕ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਦਰਅਸਲ, ਮਾਲਦੀਵ ਸੁਪਰੀਮ ਕੋਰਟ ਨੇ ਵਿਰੋਧੀ ਧਿਰ ਦੇ 9 ਲੀਡਰਾਂ ਨੂੰ ਰਿਹਾ ਕਰਨ ਦਾ ਹੁਕਮ ਦਿੱਤਾ ਹੈ। ਰਾਸ਼ਟਰਪਤੀ ਯਾਮੀਨ ਦੀ ਸਰਕਾਰ ਨੇ ਇਸ ਫ਼ੈਸਲੇ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ। ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਅਬਦੁੱਲਾ ਸਈਦ ਅਤੇ ਇੱਕ ਹੋਰ ਜੱਜ ਅਲੀ ਹਮੀਦ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਬਾਅਦ ਵਿਚ ਸਰਕਾਰ ਦੇ ਦਬਾਅ ਵਿੱਚ ਸੁਪਰੀਮ ਕੋਰਟ ਨੂੰ ਆਪਣਾ ਫ਼ੈਸਲਾ ਵਾਪਸ ਲੈਣਾ ਪਿਆ ਸੀ।