ਪਟਿਆਲਾ: ਅਕਾਲੀ ਵਿਧਾਇਕ ਹਰਿੰਦਰਪਾਲ ਚੰਦੂਮਾਜਰਾ ਵੱਲੋਂ ਕਾਂਗਰਸ 'ਤੇ ਗੈਂਗਸਟਰ ਨੂੰ ਪਨਾਹ ਦੇਣ ਤੇ ਗੁੰਡਾ ਸੋਚ ਦੇ ਮਾਲਕ ਹੋਣ ਦਾ ਇਲਜ਼ਾਮ ਲਾਇਆ ਹੈ। ਉਨ੍ਹਾਂ ਐਲਾਨ ਕੀਤਾ ਕਿ ਅਗਲੇ ਮਹੀਨੇ ਪੰਜ ਅਕਾਲੀ ਲੀਡਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਘਰ ਸਿਰ ਵਢਾਉਣ ਲਈ ਜਾਣਗੇ। ਦਰਅਸਲ ਅੱਜ ਪਟਿਆਲਾ ਵਿੱਚ ਅਕਾਲੀ ਦਲ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੇ ਮਹਿਲ ਦੇ ਘਿਰਾਓ ਲਈ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਿੱਚ ਇਕੱਠ ਕੀਤਾ ਗਿਆ। ਇਹ ਘਿਰਾਓ ਕਾਂਗਰਸੀ ਲੀਡਰ ਹਰਿੰਦਰ ਹੈਰੀਮਾਨ ਦੇ ਸਿਰ ਕੱਟ ਕੇ ਲੈ ਆਉਣ ਦੇ ਬਿਆਨ ਦੇ ਵਿਰੋਧ ਵਿੱਚ ਸੀ। ਇਸ ਦੌਰਾਨ ਜਦੋਂ ਅਕਾਲੀ ਇਕੱਠੇ ਹੋ ਰਹੇ ਸੀ ਤਾਂ ਪੁਲਿਸ ਨੇ ਸਾਰੇ ਅਕਾਲੀ ਗੁਰਦੁਆਰਾ ਸਾਹਿਬ ਵਿੱਚ ਬੰਦ ਕਰ ਦਿੱਤੇ। ਇਸ ਮੌਕੇ ਵਿਧਾਇਕ ਹਰਿੰਦਰਪਾਲ ਚੰਦੂਮਾਜਰਾ ਨੇ ਪੁਲਿਸ ਵੱਲੋਂ ਗੁਰੂਘਰ ਨੂੰ ਜਿੰਦਰੇ ਲਾਉਣ ਨੂੰ ਬੇਅਦਬੀ ਦੱਸਿਆ। ਦੂਜੇ ਪਾਸੇ ਅਕਾਲੀਆ ਵੱਲੋਂ ਜੁੱਤੀਆਂ ਪਾ ਗੁਰੂ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਹੋਣ ਦੇ ਬਾਵਜੂਦ ਨਾਅਰੇਬਾਜ਼ੀ ਤੇ ਹੁੱਲੜਬਾਜ਼ੀ ਕੀਤੀ ਗਈ। ਜਦੋਂ ਇਸ ਬਾਰੇ ਚੰਦੂਮਾਜਰਾ ਨੂੰ ਪੁੱਛਿਆ ਗਿਆ ਤਾਂ ਉਹ ਪਾਸਾ ਵੱਟ ਗਏ। ਦੂਜੇ ਪਾਸੇ ਅਕਾਲੀ ਵੀ ਧੜਿਆਂ ਵਿੱਚ ਵੱਡੇ ਨਜ਼ਰ ਆਏ ਕਿਉਂਕਿ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਆਪਣੇ ਸਮਰਥਕਾਂ ਨਾਲ ਵਾਈਪੀਐਸ ਚੌਕ ਵਿੱਚ ਬੈਠ ਗਏ।