ਚੰਡੀਗੜ੍ਹ: ਕਿਸਾਨ ਕਰਜ਼ਾ ਮੁਕਤੀ ਨੂੰ ਲੈ ਕੇ ਸੂਬੇ ਦੇ ਕਿਸਾਨ ਹੀ ਸਰਕਾਰ ਤੋਂ ਦੁਖੀ ਨਹੀਂ ਬਲਕਿ ਪੰਜਾਬ ਕਾਂਗਰਸ ਦੇ ਕਈ ਵਿਧਾਇਕਾਂ ਨੇ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਰੋਣੇ ਰੋਏ ਹਨ। ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਰਜ਼ੇ ਬਾਰੇ ਅਹਿਮ ਬੈਠਕ ਹੋਈ। ਇਸ ਬੈਠਕ 'ਚ ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਮੰਤਰੀ ਬੋਰਡ ਦੇ ਚੇਅਰਮੈਨ ਲਾਲ ਸਿੰਘ, ਕੈਬਨਿਟ ਮੰਤਰੀ ਤ੍ਰਿਪਤ ਬਾਜਵਾ, ਵਿਧਾਇਕ ਸੁਖਜਿੰਦਰ ਰੰਧਾਵਾ, ਵਿਧਾਇਕ ਸੁਖਬਿੰਦਰ ਸਰਕਾਰੀਆ, ਵਿਧਾਇਕ ਸੰਗਤ ਗਿਲਜੀਆਂ, ਵਿਧਾਇਕ ਕੁਲਜੀਤ ਨਾਗਰਾ, ਵਿਧਾਇਕ ਗੁਰਪ੍ਰੀਤ ਕਾਂਗੜ, ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਵਿਧਾਇਕ ਕੁਸ਼ਲਦੀਪ ਢਿੱਲੋਂ ਤੇ ਕਈ ਅਫਸਰ ਆਦਿ ਸ਼ਾਮਲ ਹਨ। ਸੂਤਰਾਂ ਮੁਤਾਬਕ ਕੈਪਟਨ ਨਾਲ ਹੋਈ ਬੈਠਕ 'ਚ ਸਭ ਤੋਂ ਪਹਿਲਾਂ ਵਿਧਾਇਕਾਂ ਨੇ ਜ਼ਮੀਨੀ ਹਾਲਾਤ ਦੱਸੇ ਤੇ ਕਿਹਾ ਕਿ ਕਿਸਾਨ ਉਨ੍ਹਾਂ ਨੂੰ ਨਿੱਤ ਦਿਨ ਕਿਸਾਨ ਕਰਜ਼ਾ ਮੁਕਤੀ 'ਤੇ ਘੇਰ ਰਹੇ ਹਨ। ਕਿਸਾਨ ਸਿਰਫ਼ ਸਹਿਕਾਰੀ ਬੈਂਕਾਂ ਦੀ ਕਰਜ਼ਾ ਮੁਕਤੀ ਤੋਂ ਖ਼ੁਸ਼ ਨਹੀਂ ਹਨ, ਉਹ ਮੈਨੀਫੈਸਟੋ ਦੇ ਵਾਅਦੇ ਮੁਤਾਬਕ ਬੈਂਕਾਂ ਤੇ ਆੜ੍ਹਤੀਆਂ ਦੀ ਕਰਜ਼ ਮੁਕਤੀ ਬਾਰੇ ਪੁੱਛ ਰਹੇ ਹਨ। ਸੂਤਰਾਂ ਮੁਤਾਬਕ ਕੁਝ ਵਿਧਾਇਕਾਂ ਨੇ ਤਾਂ ਇੱਥੋਂ ਤੱਕ ਕਿਹਾ ਹੈ ਕਿ ਕਿਸਾਨ ਯੂਨੀਅਨਾਂ ਦੇ ਪ੍ਰਭਾਵ ਵਾਲੇ ਕਈ ਪਿੰਡਾਂ 'ਚ ਸਾਡਾ ਜਾਣਾ ਮੁਸ਼ਕਲ ਹੋ ਗਿਆ ਹੈ। ਕਈ ਵਿਧਾਇਕਾਂ ਨੇ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਖ਼ੁਦਕੁਸ਼ੀਆਂ ਨੂੰ ਰੋਕਣ ਲਈ ਜਲਦ ਕਦਮ ਚੁੱਕੇ ਜਾਣ ਕਿਉਂਕਿ ਇਸ ਕਾਰਨ ਵੀ ਸਰਕਾਰ ਦੀ ਕਾਫੀ ਜ਼ਿਆਦਾ ਬਦਨਾਮੀ ਹੋ ਰਹੀ ਹੈ। ਵੈਸੇ ਵੀ ਇਸ ਨੂੰ ਸੂਬੇ ਲਈ ਚਿੰਤਾ ਦਾ ਵਿਸ਼ਾ ਦੱਸਿਆ ਗਿਆ ਹੈ। ਕਈ ਵਿਧਾਇਕਾਂ ਨੇ ਇਹ ਵੀ ਕਿਹਾ ਹੈ ਕਿ ਸਰਕਾਰ ਨੂੰ ਜ਼ਿਆਦਾ ਸੰਕਟ ਵਾਲੇ ਕਿਸਾਨਾਂ ਨੂੰ ਪਹਿਲ ਦੇਣੀ ਚਾਹੀਦੀ ਹੈ ਤਾਂ ਕਿ ਖ਼ੁਦਕੁਸ਼ੀਆਂ ਦਾ ਵਰਤਾਰਾ ਰੁਕ ਸਕੇ।