ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਰਣਜੀਤ ਸਿੰਘ ਬ੍ਰਹਮਪੁਰਾ ਵੱਲੋਂ ਬਣਾਏ ਨਵੇਂ 'ਟਕਸਾਲੀ ਦਲ' ਨੂੰ 'ਕਾਂਗਰਸ ਦੀ ਬੀ ਟੀਮ ਤੇ ਬੇਟਿਆਂ ਦੀ ਪਾਰਟੀ' ਅਤੇ ਕਾਂਗਰਸ ਦੀ ਕਠਪੁਤਲੀ ਕਰਾਰ ਦਿੱਤਾ। ਸਾਬਕਾ ਮੰਤਰੀ ਤੇ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ ਅਤੇ ਰਤਨ ਸਿੰਘ ਅਜਨਾਲਾ ਨੇ ਸੰਗਰਾਂਦ ਮੌਕੇ ਸ੍ਰੀ ਦਰਬਾਰ ਸਾਹਿਬ ਵਿਖੇ ਹਾਜ਼ਰੀ ਭਰਨ ਲਈ ਇਕੱਤਰ ਹੋਏ ਸ਼ਰਧਾਲੂ ਨੂੰ ਉਨ੍ਹਾਂ ਦੇ ਹਮਾਇਤੀ ਕਹਿ ਕੇ ਘੋਰ ਪਾਪ ਕੀਤਾ ਹੈ। ਚੀਮਾ ਨੇ ਉਨ੍ਹਾਂ ’ਤੇ ਸ਼ਰਧਾਲੂਆਂ ਦੀ ਹਾਜ਼ਰੀ ਦੀ ਦੁਰਵਰਤੋਂ ਕਰਨ ਦੇ ਇਲਜ਼ਾਮ ਲਾਏ।

ਇਹ ਵੀ ਪੜ੍ਹੋ: ਅਕਾਲੀ ਦਲ 'ਬਾਦਲ' ਨੂੰ ਟੱਕਰਨ ਲਈ 'ਟਕਸਾਲੀ ਦਲ' ਦਾ ਗਠਨ, ਬ੍ਰਹਮਪੁਰਾ ਚੁਣੇ ਗਏ ਪ੍ਰਧਾਨ

ਪ੍ਰੈਸ ਬਿਆਨ ਜਾਰੀ ਕਰਦਿਆਂ ਡਾਕਟਰ ਚੀਮਾ ਨੇ ਕਿਹਾ ਕਿ ਇਹ ਪਾਰਟੀ ਕਾਂਗਰਸ ਦੇ ਇਸ਼ਾਰੇ ਉੱਤੇ ਬਣਾਈ ਗਈ ਹੈ। ਕਾਂਗਰਸ ਨੂੰ ਅਕਾਲੀ ਦਲ ਖਿਲਾਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਲੜਣ ਲਈ ਇੱਕ ਫਰੰਟ ਦੀ ਲੋੜ ਸੀ। ਉਨ੍ਹਾਂ ਕਿਹਾ ਕਿ ਬ੍ਰਹਮਪੁਰਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਖੁਦ ਨੂੰ ਕਾਂਗਰਸ ਕੋਲ ਵੇਚ ਦਿੱਤਾ ਹੈ। ਨਵੀਂ ਪਾਰਟੀ ਦੇ ਐਲਾਨ ਮੌਕੇ ਜੁੜੇ ਵੱਡੇ ਇਕੱਠ ਬਾਰੇ ਉਨ੍ਹਾਂ ਕਿਹਾ ਕਿ ਸੰਗਰਾਂਦ ਤੋਂ ਇਲਾਵਾ ਅੱਜ ਐਤਵਾਰ ਦਾ ਦਿਨ ਸੀ ਤੇ ਅਜਿਹੇ ਮੌਕਿਆਂ ’ਤੇ ਸ੍ਰੀ ਦਰਬਾਰ ਸਾਹਿਬ ਵਿਖੇ ਸੰਗਤ ਦੀ ਆਮਦ ਦੁੱਗਣੀ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਹ ਸਭ ਜਾਣ ਬੁੱਝ ਕੇ ਕੀਤਾ ਜਾ ਰਿਹਾ ਹੈ।

ਸਬੰਧਤ ਖ਼ਬਰ: ਇਹ ਹੋਏਗਾ ਬਾਦਲਾਂ ਵੱਲੋਂ ਵੱਖ ਕੀਤੇ ਟਕਸਾਲੀਆਂ ਦੇ ਅਕਾਲੀ ਦਲ ਦਾ ਨਾਂਅ

ਡਾ. ਚੀਮਾ ਨੇ ਕਿਹਾ ਕਿ ਇਹ ਤਿੱਕੜੀ ਪਰਿਵਾਰਵਾਦ ਦੀਆਂ ਗੱਲਾਂ ਕਰਦੀ ਸੀ, ਪਰ ਨਵੀਂ ਜਥੇਬੰਦੀ ਵਿੱਚ ਸਾਰੇ ਅਹਿਮ ਅਹੁਦੇ ਆਪਣੇ ਪੁੱਤਰਾਂ ਨੂੰ ਦਿੱਤੇ ਹਨ। ਇਸ ਤੋਂ ਸਾਬਿਤ ਹੋ ਗਿਆ ਕਿ ਉਹ ਮਾਂ-ਪਾਰਟੀ ਵੱਲੋਂ ਉਨ੍ਹਾਂ ਨੂੰ ਦਿੱਤੇ ਮਾਣ-ਸਨਮਾਨ ਨਾਲ ਸਤੁੰਸ਼ਟ ਨਹੀਂ ਸਨ ਅਤੇ ਆਪਣੇ ਪਰਿਵਾਰਾਂ ਦੇ ਹਿੱਤ ਪੂਰਨ ਵਾਸਤੇ ਅਕਾਲੀ ਦਲ ਨੂੰ ਬਲੈਕਮੇਲ ਕਰ ਰਹੇ ਸਨ। ਅਜਿਹਾ ਕਰਕੇ ਉਨ੍ਹਾਂ ਪੰਥ ਨੂੰ ਵੀ ਧੋਖਾ ਦਿੱਤਾ ਹੈ, ਇਸ ਲਈ ਉਨ੍ਹਾਂ ਨੂੰ ਪੰਥਕ ਆਗੂ ਕਹਾਉਣ ਦਾ ਕੋਈ ਹੱਕ ਨਹੀਂ ਹੈ।

ਇਹ ਵੀ ਪੜ੍ਹੋ- ਟਕਸਾਲੀ ਦਲ ਨੂੰ ਪ੍ਰੈੱਸ ਕਾਨਫ਼ਰੰਸ ਕਰਨ ਦੀ ਨਹੀਂ ਮਿਲੀ ਥਾਂ, ਐਸਜੀਪੀਸੀ ਨੇ ਕੀਤੀ ਨਾਂਹ

ਉਨ੍ਹਾਂ ਕਿਹਾ ਕਿ ਇਹ ਪਹਿਲਾਂ ਹੀ ਐਲਾਨ ਕੀਤਾ ਗਿਆ ਸੀ ਕਿ ਨਵੀਂ ਪਾਰਟੀ ਦਾ ਐਲਾਨ ਸ਼੍ਰੋਮਣੀ ਅਕਾਲੀ ਦਲ ਦੇ ਸਥਾਪਨਾ ਦਿਵਸ ਵਾਲੇ ਦਿਨ 14 ਦਸੰਬਰ ਨੂੰ ਕੀਤਾ ਜਾਏਗਾ ਪਰ ਉਹ ਤਾਰੀਖ਼ ਬਿਨਾਂ ਕੋਈ ਕਾਰਨ ਦੱਸੇ ਇਕਦਮ ਬਦਲ ਦਿੱਤੀ ਗਈ। ਉਨ੍ਹਾਂ ਕਿਹਾ ਕਿ ਬ੍ਰਹਮਪੁਰਾ ਐਂਡ ਕੰਪਨੀ ਸਿਰਫ ਆਪਣੇ-ਆਪ ਨੂੰ ਬੇਵਕੂਫ ਬਣਾ ਰਹੇ ਹਨ, ਕਿਉਂਕਿ ਲੋਕ ਉਨ੍ਹਾਂ ਦੀ ਖੇਡ ਸਮਝ ਚੁੱਕੇ ਹਨ।