ਚੰਡੀਗੜ੍ਹ: ਮਨਜੀਤ ਸਿੰਘ ਜੀਕੇ ਦੇ ਅਸਤੀਫੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਹਰਮੀਤ ਸਿੰਘ ਕਾਲਕਾ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐਸਜੀਐਮਸੀ) ਦੇ ਕਾਰਜਕਾਰੀ ਪ੍ਰਧਾਨ ਥਾਪਿਆ ਹੈ। ਮਨਜੀਤ ਸਿੰਘ ਜੀਕੇ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਕੀਤੀ ਪ੍ਰੈਸ ਕਾਨਫਰੰਸ ਵਿੱਚੋਂ ਵੀ ਗੈਰਹਾਜ਼ਰ ਰਹੇ। ਗੁਰਦੁਆਰਾ ਚੋਣਾਂ ਦੇ ਡਾਇਰੈਕਟੋਰੇਟ ਦੀ ਨਿਗਰਾਨੀ ਹੇਠ 29 ਦਸੰਬਰ ਨੂੰ ਡੀਐਸਜੀਐਮਸੀ ਦੀ ਨਵੀਂ ਕਾਰਜਕਾਰੀ ਕਮੇਟੀ ਦਾ ਗਠਨ ਹੋਵੇਗਾ।

ਜ਼ਿਕਰਯੋਗ ਹੈ ਕਿ ਗੁਰਦੁਆਰਾ ਕਮੇਟੀ ਦੇ ਆਜ਼ਾਦ ਮੈਂਬਰ ਗੁਰਮੀਤ ਸਿੰਘ ਸ਼ੰਟੀ ਨੇ ਮਨਜੀਤ ਸਿੰਘ ਵਿਰੁੱਧ ਵਿੱਤੀ ਬੇਨਿਯਮੀਆਂ ਦੇ ਇਲਜ਼ਾਮ ਲਾਏ ਹਨ। ਅਦਾਲਤ ਨੇ ਪੁਲਿਸ ਨੂੰ ਜੀਕੇ ਖਿਲਾਫ ਐਫਆਈਆਰ ਦਰਜ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਪਿੱਛੋਂ ਡੀਐਸਜੀਐਮਸੀ ਦੀ ਕਾਰਜਕਾਰਨੀ ਕਮੇਟੀ ਭੰਗ ਹੋ ਗਈ ਸੀ। ਸਿਰਸਾ ਨੇ ਦੱਸਿਆ ਕਿ ਹਾਈਕਮਾਨ ਨੇ ਸਿਰਸਾ ਅਤੇ ਕਾਲਕਾ ਨੂੰ ਅਸਥਾਈ ਤੌਰ 'ਤੇ ਕਮੇਟੀ ਦੇ ਮਾਮਲੇ ਦੇਖਣ ਲਈ ਕਿਹਾ ਹੈ। ਜਦੋਂ ਤੱਕ ਨਵੀਂ ਕਮੇਟੀ ਦਾ ਗਠਨ ਨਹੀਂ ਕੀਤਾ ਜਾਂਦਾ, ਉਦੋਂ ਤਕ ਉਹੀ ਜੀਕੇ ਦੀ ਥਾਂ ਕਮੇਟੀ ਦਾ ਕਾਰਜਭਾਰ ਸੰਭਾਲਣਗੇ।

ਹਾਲਾਂਕਿ ਕਾਰਜਕਾਰੀ ਕਮੇਟੀ ਦੀਆਂ ਚੋਣਾਂ ਮਾਰਚ 29, 2019 ਨੂੰ ਹੋਣੀਆਂ ਹਨ, ਪਰ ਹੁਣ ਤਿੰਨ ਮਹੀਨੇ ਪਹਿਲਾਂ ਹੀ ਚੋਣਾਂ ਕਰਵਾਈਆਂ ਜਾ ਰਹੀਆਂ ਹਨ। ਸਿਰਸਾ ਨੇ ਦੱਸਿਆ ਕਿ ਦਿੱਲੀ ਗੁਰਦੁਆਰਾ ਐਕਟ -1971 ਦੇ ਇਤਿਹਾਸ ਦੇ 47 ਸਾਲਾਂ ਦੌਰਾਨ ਪਹਿਲੀ ਵਾਰ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਕਾਰਜਕਾਰੀ ਕਮੇਟੀ ਦੀਆਂ ਚੋਣਾਂ ਕਰਾਈਆਂ ਜਾ ਰਹੀਆਂ ਹਨ।