ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਗਠਨ ਤੋਂ ਬਾਅਦ ਬ੍ਰਹਮਪੁਰਾ ਸਮੇਤ ਹੋਰਨਾਂ ਲੀਡਰਾਂ ਨੂੰ ਪ੍ਰੈੱਸ ਕਾਨਫ਼ਰੰਸ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਗ੍ਹਾ ਨਹੀਂ ਦਿੱਤੀ ਗਈ। ਕਮੇਟੀ ਮੁਲਾਜ਼ਮਾਂ ਵੱਲੋਂ ਕਮਰਾ ਦੇਣ ਤੋਂ ਮਨ੍ਹਾ ਕੀਤੇ ਜਾਣ ਤੋਂ ਬਾਅਦ ਟਕਸਾਲੀ ਅਕਾਲੀ ਲੀਡਰਾਂ ਨੇ ਦਫ਼ਤਰ ਦੇ ਬਾਹਰ ਭੁੰਜੇ ਬੈਠ ਕੇ ਹੀ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਹਾਲਾਂਕਿ, ਪਹਿਲਾਂ ਸਾਰੇ ਲੀਡਰ ਕਮੇਟੀ ਦਫ਼ਤਰ ਵਿੱਚ ਬੈਠੇ ਸਨ ਅਤੇ ਚਾਹ-ਪਾਣੀ ਵੀ ਪੀਤਾ ਸੀ।

ਇਹ ਵੀ ਪੜ੍ਹੋ: ਅਕਾਲੀ ਦਲ 'ਬਾਦਲ' ਨੂੰ ਟੱਕਰਨ ਲਈ 'ਟਕਸਾਲੀ ਦਲ' ਦਾ ਗਠਨ, ਬ੍ਰਹਮਪੁਰਾ ਚੁਣੇ ਗਏ ਪ੍ਰਧਾਨ

ਖਡੂਰ ਸਾਹਿਬ ਤੋਂ ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਦੇ ਪੁੱਤਰ ਰਵਿੰਦਰ ਬ੍ਰਹਮਪੁਰਾ ਦੀ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨਾਲ ਹੋਈ ਜ਼ਬਰਦਸਤ ਬਹਿਸ ਹੋਈ। ਰਵਿੰਦਰ ਬ੍ਰਹਮਪੁਰਾ ਨੇ ਸ਼੍ਰੋਮਣੀ ਕਮੇਟੀ ਦੇ ਕਰਮਚਾਰੀਆਂ ਨੂੰ ਖਰੀਆਂ-ਖਰੀਆਂ ਸੁਣਾਈਆਂ ਅਤੇ ਬਾਦਲ ਪਰਿਵਾਰ ਦਾ ਪੱਖ ਪੂਰਨ ਦੇ ਦੋਸ਼ ਲਾਏ।

ਸਬੰਧਤ ਖ਼ਬਰ: ਇਹ ਹੋਏਗਾ ਬਾਦਲਾਂ ਵੱਲੋਂ ਵੱਖ ਕੀਤੇ ਟਕਸਾਲੀਆਂ ਦੇ ਅਕਾਲੀ ਦਲ ਦਾ ਨਾਂਅ
 ਉਨ੍ਹਾਂ ਬਾਦਲਾਂ ਉੱਪਰ ਸ਼੍ਰੋਮਣੀ ਕਮੇਟੀ 'ਤੇ ਕਬਜ਼ਾ ਕਰਨ ਦੇ ਦੋਸ਼ ਲਾਏ ਹਨ। ਜ਼ਿਕਰਯੋਗ ਹੈ ਕਿ ਐਸਜੀਪੀਸੀ ਕਰਮਚਾਰੀਆਂ ਨੇ ਪਹਿਲਾਂ ਬ੍ਰਹਮਪੁਰਾ ਨੂੰ ਚਾਹ ਪਿਆਈ ਅਤੇ ਜਦੋਂ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਉਹ ਵਾਪਸ ਆਏ ਤਾਂ ਕਮਰੇ ਨੂੰ ਤਾਲਾ ਲਾ ਕੇ ਬੰਦ ਕਰ ਦਿੱਤਾ। ਟਕਸਾਲੀਆਂ ਨੂੰ ਅੰਦਰ ਦਾਖ਼ਲ ਹੋਣ ਅਤੇ ਪੱਤਰਕਾਰ ਸੰਮੇਲਨ ਕਰਨ ਤੋਂ ਨਾਂਹ ਕਰਨ 'ਤੇ ਰਵਿੰਦਰ ਬ੍ਰਹਮਪੁਰਾ ਕਾਫੀ ਲੋਹੇ ਲਾਖੇ ਵੀ ਹੋਏ।