ਜਲੰਧਰ: ਪੰਜਾਬ ਦੇ ਵਿਧਾਇਕਾਂ ਦਾ ਗੁਜ਼ਾਰਾ 90,000 ਤੋਂ ਵੱਧ ਤਨਖ਼ਾਹ ਹੋਣ ਦੇ ਬਾਵਜੂਦ ਵੀ ਨਹੀਂ ਚੱਲਦਾ, ਇਸ ਲਈ ਉਹ ਤਨਖ਼ਾਹਾਂ ਵਧਾਉਣ ਜਾ ਰਹੇ ਹਨ। ਹਰ ਮਹੀਨੇ 2,01,500 ਰੁਪਏ ਦਾ ਮਿਹਨਤਾਨਾ ਲੈਣ ਲਈ ਵਿਧਾਨ ਸਭਾ ਦੀ ਸਬ ਕਮੇਟੀ ਨੇ ਵੀ ਰਿਪੋਰਟ ਤਿਆਰ ਕਰ ਲਈ ਹੈ। ਉੱਧਰ, ਐਮਐਲਏ 'ਤੇ 'ਆਰਥਕ ਤੰਗੀ' ਦੇ ਬੱਦਲ ਵੇਖ ਕੇ ਨਵਾਂਸ਼ਹਿਰ ਦੇ ਆਰਟੀਆਈ ਕਾਰਕੁੰਨ ਨੇ ਉਨ੍ਹਾਂ ਲਈ ਵਿੱਤੀ ਸਹਾਇਤਾ ਭੇਜੀ ਹੈ।


ਨਵਾਂ ਸ਼ਹਿਰ ਦੇ ਰਹਿਣ ਵਾਲੇ ਪਰਮਜੀਤ ਸਿੰਘ ਕਿੱਤਣਾ ਨੇ ਮੁੱਖ ਮੰਤਰੀ ਨੂੰ ਲਾਹਣਤ ਭਰੀ ਚਿੱਠੀ ਲਿਖੀ ਹੈ ਅਤੇ ਨਾਲ ਹੀ 500 ਰੁਪਏ ਦਾ ਮਨੀ ਆਰਡਰ ਵੀ ਭੇਜਿਆ ਹੈ। ਉਸ ਨੇ ਮੁੱਖ ਮੰਤਰੀ ਨੂੰ ਲਿਖਿਆ ਹੈ ਕਿ ਇਨ੍ਹਾਂ 500 ਰੁਪਏ ਵਿੱਚ ਮਜ਼ਦੂਰੀ ਕਰਨ ਵਾਲੇ ਇੰਜੀਨੀਅਰਿੰਗ ਦੇ ਵਿਦਿਆਰਥੀ, ਚਾਹ ਵੇਚਣ ਵਾਲੇ ਵਿਅਕਤੀ, ਗੰਨੇ ਦਾ ਜੂਸ ਵੇਚਣ ਵਾਲੀ ਪ੍ਰਵਾਸੀ ਮਹਿਲਾ ਤੋਂ ਲੈਕੇ ਸਾਈਕਲਾਂ ਨੂੰ ਪੰਚਰ ਲਾਉਣ ਤੇ ਰਿਕਸ਼ਾ ਚਾਲਕ ਨੇ ਵੀ ਆਪਣਾ ਹਿੱਸਾ ਪਾਇਆ ਹੈ।

ਆਰਟੀਆਈ ਕਾਰਕੁੰਨ ਨੇ ਚਿੱਠੀ ਦੇ ਅੰਤ ਵਿੱਚ ਲਿਖਿਆ ਹੈ ਕਿ ਉਹ ਹੋਰ ਪੈਸੇ ਭੇਜਾਂਗੇ ਅਤੇ ਵਿਧਾਇਕਾਂ ਦੇ ਖ਼ੁਸ਼ ਰਹਿਣ ਦੀ 'ਦੁਆ' ਵੀ ਮੰਗੀ। ਸਰਕਾਰ ਵੱਲੋਂ ਇਹ ਵਾਧਾ ਅਧਿਆਪਕਾਂ ਦੀ ਤਨਖ਼ਾਹ ਤੀਜਾ ਹਿੱਸਾ ਘਟਾਉਣ ਤੋਂ ਕੁਝ ਹੀ ਸਮੇਂ ਬਾਅਦ ਹੀ ਪੇਸ਼ ਕੀਤਾ ਗਿਆ ਹੈ। ਐਮਐਲਏਜ਼ ਦੀ ਤਨਖ਼ਾਹ ਵਿੱਚ ਵਾਧੇ ਦੀ ਤਜਵੀਜ਼ ਦਾ ਤਿੱਖਾ ਵਿਰੋਧ ਹੋ ਰਿਹਾ ਹੈ।